ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਵਿਚਾਲੇ ਪਾਬੰਦੀਆਂ ਲਾਈਆਂ ਗਈਆਂ ਸਨ। ਅਜਿਹੇ 'ਚ ਕਿਸਾਨਾਂ ਵੱਲੋਂ ਵਪਾਰੀਆਂ ਦੇ ਸਮਰਥਨ ਵਿੱਚ 8 ਮਈ ਨੂੰ ਦੁਕਾਨਾਂ ਖੁੱਲ੍ਹਵਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਵਪਾਰਕ ਸੰਗਠਨਾਂ ਨੇ ਵਿਰੋਧ ਕੀਤਾ ਹੈ।


ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਵਪਾਰੀ ਸਰਕਾਰ ਦੀ ਸਹਿਮਤੀ ਨਾਲ ਆਪਣੀਆਂ ਦੁਕਾਨਾਂ ਖੋਲ੍ਹਣਗੇ। ਕਾਨੂੰਨ ਤੇ ਵਿਵਸਥਾ ਦੀ ਪਾਲਣਾ ਕਰਨਗੇ। ਹਾਲਾਂਕਿ ਵਪਾਰੀ ਕਿਸਾਨਾਂ ਵੱਲੋਂ ਵਪਾਰੀਆਂ ਨੂੰ ਦਿੱਤੇ ਗਏ ਸਮਰਥਨ ਲਈ ਧੰਨਵਾਦੀ ਹਨ।


ਇਸ ਤੋਂ ਪਹਿਲਾਂ ਉਨ੍ਹਾਂ ਨੇ ਸੂਬੇ ਵਿੱਚ ਸਿਹਤ ਵਿਵਸਥਾ ਉੱਪਰ ਸਵਾਲ ਉਠਾਏ। ਉਨ੍ਹਾਂ ਨੇ ਪਾਬੰਦੀਆਂ ਕਾਰਨ ਵਪਾਰੀਆਂ ਨੂੰ ਹੋ ਰਹੇ ਵੱਡੇ ਪੱਧਰ 'ਤੇ ਨੁਕਸਾਨ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਚੌੜਾ ਬਾਜ਼ਾਰ ਵਪਾਰੀ ਐਸੋਸੀਏਸ਼ਨ ਦੇ ਬਿੱਟੂ ਗੁੰਬਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਨ, ਕਿਉਂਕਿ ਕਿਸਾਨ ਵਾਪਰੀਆਂ ਦੇ ਨਾਲ ਖੜ੍ਹੇ ਹਨ।


ਉਨ੍ਹਾਂ ਕਿਹਾ ਸਰਕਾਰ ਨੂੰ ਜਾਂ ਤਾਂ ਵਪਾਰੀਆਂ ਦੀਆਂ ਸਾਰੀਆਂ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ ਹਨ ਜਾਂ ਫਿਰ ਪੂਰਾ ਲੌਕਡਾਊਨ ਕਰਨਾ ਚਾਹੀਦਾ ਹੈ। ਅਜਿਹਾ ਅੱਧ ਵਿਚਾਲੇ ਫ਼ੈਸਲਾ ਨਹੀਂ ਹੋਣਾ ਚਾਹੀਦਾ, ਜਿੱਥੇ ਕੁਝ ਦੁਕਾਨਾਂ ਬੰਦ ਹਨ, ਕੁਝ ਖੁੱਲ੍ਹੀਆਂ ਹਨ ਤੇ ਲੋਕ ਸੜਕਾਂ 'ਤੇ ਸ਼ਰੇਆਮ ਹੀ ਘੁੰਮ ਰਹੇ ਹਨ।


ਉਧਰ ਫਿਰੋਜ਼ਪੁਰ ਕੈਂਟ ਵਪਾਰ ਮੰਡਲ ਦੇ ਪ੍ਰਧਾਨ ਰੂਪ ਨਰਾਇਣ ਤੇ ਜਰਨਲ ਸੈਕਟਰੀ ਬੇਅੰਤ ਲਾਲ ਸਿਕਰੀ ਨੇ ਕਿਹਾ ਕਿ ਸਾਨੂੰ ਅਜੇ ਕਿਸੇ ਕਿਸਾਨ ਮੋਰਚੇ ਦੀ ਕਾਲ ਨਹੀਂ ਆਈ। ਉਨ੍ਹਾਂ ਕਿਹਾ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਫੈਸਲਾ ਕਰ ਰਹੀ ਹੈ, ਉਹ ਸਹੀ ਹੈ ਕਿਉਂਕਿ ਕੋਰੋਨਾ ਮਹਾਮਾਰੀ ਲਾਗਾਤਰ ਵਧ ਰਹੀ ਹੈ। ਸਰਕਾਰ ਨੇ ਪਹਿਲਾਂ ਹੀ ਪੰਜ ਦਿਨ ਦੁਕਾਨਾਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।


ਉਨ੍ਹਾਂ ਕਿਹਾ ਜੇਕਰ ਕਿਸਾਨ ਸਾਡੇ ਨਾਲ ਗੱਲ ਕਰਦੇ ਹਨ ਤਾਂ ਅਸੀਂ ਆਪਣੀ ਮੀਟਿੰਗ ਬੁਲਾਂਵਾਂਗੇ ਜੋ ਦੁਕਾਨਦਾਰ ਜਿਵੇਂ ਕਹਿਣਗੇ, ਉਹ ਫੈਸਲਾ ਕੀਤਾ ਜਾਵੇਗਾ।