ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਮੁੜ ਕੋਰੋਨਾਵਾਇਰਸ ਦੇ 1033 ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਸੂਬੇ 'ਚ ਮਰੀਜ਼ਾਂ ਦੀ ਗਿਣਤੀ 30,041 ਹੋ ਗਈ ਹੈ। ਇਸ ਦੇ ਨਾਲ ਹੀ 40 ਲੋਕਾਂ ਦੀ ਮੌਤ ਨਾਲ ਕੁੱਲ ਮਰਨ ਵਾਲਿਆ ਦੀ ਗਿਣਤੀ 771 ਤੱਕ ਪਹੁੰਚ ਗਈ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਉੱਠਣ ਲੱਗੇ ਹਨ।


ਉਧਰ, ਪੰਜਾਬ ਸਰਕਾਰ ਨੇ ਮਹਾਮਾਰੀ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਹੋਰ ਕਦਮਾਂ ਦੇ ਨਾਂ 'ਤੇ ਸੂਬੇ ਦੇ ਸਾਰੇ ਸ਼ਹਿਰਾਂ ’ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਵਾਲ ਉੱਠ ਰਹੇ ਹਨ ਕਿ ਲੋਕਾਂ ਦਾ ਆਵਾਜਾਈ ਦਿਨ ਵੇਲੇ ਹੁੰਦੀ ਹੈ। ਬੱਸਾਂ, ਹੋਟਲਾਂ, ਰੈਸਟੋਰੈਂਟਾਂ ਤੇ ਜਿੰਮਾਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਹਨ। ਇਸ ਨਾਲ ਕੇਸ ਲਗਾਤਾਰ ਵਧਣ ਲੱਗੇ ਹਨ। ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਕੋਰੋਨਾ ਦਿਨੇ ਫੈਲ ਰਿਹਾ ਹੈ ਤੇ ਕੈਪਟਨ ਕਰਫਿਊ ਰਾਤ ਨੂੰ ਲਾ ਰਹੇ ਹਨ।

ਲੋਕਾਂ ਅੰਦਰ ਇਸ ਗੱਲ਼ ਨੂੰ ਲੈ ਕੇ ਵੀ ਰੋਸ ਹੈ ਕਿ ਜਦੋਂ ਕੋਰੋਨਾ ਦਾ ਗ੍ਰਾਫ ਹੇਠਾਂ ਸੀ ਤਾਂ ਸਰਕਾਰ ਨੇ ਪੂਰੀ ਸਖਤੀ ਵਰਤੀ ਹੋਈ ਸੀ। ਹੁਣ ਲਗਾਤਾਰ ਕੇਸ ਵਧ ਰਹੇ ਹਨ ਤਾਂ ਸਰਕਾਰ ਲਗਾਤਾਰ ਖੁੱਲ੍ਹਾਂ ਦੇ ਰਹੀ ਹੈ। ਉਂਝ ਲਗਾਤਾਰ ਹੋ ਰਹੀ ਅਲੋਚਨਾ ਨੂੰ ਵੇਖਦਿਆਂ ਸਰਕਾਰ ਵੀ ਦਬਾਅ ਹੇਠ ਆ ਰਹੀ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਸ਼ਹਿਰਾਂ ਦੀ ਸੈਕਟਰ ਅਧਾਰਤ ਵੰਡ ਤੇ ਹਰ ਸੈਕਟਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਦਾ ਪਤਾ ਲਾਉਣ ’ਚ ਸਹਾਇਤਾ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ ਪਰ ਉਦਯੋਗਾਂ ਨੂੰ ਇਸ ਤੋਂ ਛੋਟ ਹੋਵੇਗੀ।

ਕੈਪਟਨ ਨੇ ਐਲਾਨ ਕੀਤਾ ਕਿ ਹਰ ਮੈਰਿਜ ਪੈਲੇਸ, ਰੈਸਟੋਰੈਂਟ, ਦਫ਼ਤਰ ਜਿੱਥੇ 10 ਤੋਂ ਵਧੇਰੇ ਲੋਕ ਇਕੱਠੇ ਹੁੰਦੇ ਹਨ, ਵੱਲੋਂ ਕੋਵਿਡ ਨਿਗਰਾਨ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਕਰੋਨਾ ਤੋਂ ਸੁਰੱਖਿਆ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜਿਕ ਪੱਧਰ ’ਤੇ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਟੈਸਟ ਆਉਂਦੇ ਹਫ਼ਤੇ ’ਚ ਕੀਤੇ ਜਾਣਗੇ ਤੇ ਸਿਹਤ, ਪੁਲਿਸ ਤੇ ਹੋਰ ਵਿਭਾਗਾਂ ਦੇ ਕਰੋਨਾ ’ਤੇ ਜਿੱਤ ਪਾਉਣ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਡਿਊਟੀ ਲਾਈ ਜਾਵੇਗੀ।