ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕੇਸਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹੇ 'ਚ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਪੰਜਾਬ ਕੋਲ ਮੈਡੀਕਲ ਆਕਸੀਜਨ ਦੀ ਕਿੱਲਤ ਦੇ ਨਾਲ ਹੀ ਬੁੱਧਵਾਰ ਕੋਵਿਡ ਵੈਕਸੀਨ ਦਾ ਸਟੌਕ ਵੀ ਖਤਮ ਹੋ ਗਿਆ। ਸੂਬੇ 'ਚ ਹੁਣ ਟੀਕਾਕਰਨ ਦਾ ਕੰਮ ਉਦੋਂ ਹੀ ਸ਼ੁਰੂ ਹੋ ਸਕੇਗਾ, ਜਦੋਂ ਕੇਂਦਰ ਸਰਕਾਰ ਵੱਲੋਂ ਵੈਕਸੀਨ ਦੀ 4 ਲੱਖ ਡੋਜ਼ ਸੂਬੇ 'ਚ ਪਹੁੰਚੇਗੀ। ਇਹ ਸਟੌਕ ਬੁੱਧਵਾਰ ਸੂਬੇ 'ਚ ਪਹੁੰਚ ਜਾਣਾ ਚਾਹੀਦਾ ਸੀ ਪਰ ਦੇਰ ਰਾਤ ਤਕ ਕੇਂਦਰ ਵੱਲੋਂ ਇਹ ਸਪਲਾਈ ਨਹੀਂ ਭੇਜੀ ਗਈ।


ਬੁੱਧਵਾਰ ਸੂਬੇ 'ਚ ਕੋਰੋਨਾ ਸਥਿਤੀ ਬਾਰੇ ਜਾਇਜ਼ਾ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਤੇ ਦਾਅਵਾ ਕੀਤਾ ਕਿ ਵੀਰਵਾਰ ਕੋਵਿਸ਼ੀਲਡ ਵੈਕਸੀਨ ਦੀ 4 ਲੱਖ ਤੋਂ ਜ਼ਿਆਦਾ ਖੁਰਾਕ ਪੰਜਾਬ ਪਹੁੰਚ ਜਾਵੇਗੀ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਪ੍ਰਤੀਦਿਨ 2 ਲੱਖ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਦਾ ਟੀਚਾ ਸਿਹਤ ਵਿਭਾਗ ਨੂੰ ਦਿੱਤਾ ਹੈ ਪਰ ਵੈਕਸੀਨ ਦੀ ਉਪਲਬਧਤਾ ਨੇ ਇਸ ਟੀਚੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਸੂਬੇ ਵਿੱਚ ਹੈਲਥ ਵਰਕਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਪਹਿਲੇ ਤੇ ਦੂਜੇ ਡੋਜ਼ ਦੇ ਰੂਪ 'ਚ ਕੁੱਲ 62,208 ਟੀਕੇ ਹੀ ਲਾਏ ਗਏ ਜਦਕਿ ਟੀਕਾਕਰਨ ਦਾ ਕੁੱਲ ਅੰਕੜਾ 70 ਹਜ਼ਾਰ ਦੀ ਸੰਖਿਆ ਪਾਰ ਨਹੀਂ ਕਰ ਸਕਿਆ।


ਵੈਕਸੀਨ ਨੂੰ ਲੈ ਕੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਬੁੱਧਵਾਰ ਕੇਂਦਰ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਹਰਿਆਣਾ ਜਿਹੇ ਸੂਬਿਆਂ ਲਈ ਵੈਕਸੀਨ ਭੇਜਣ ਦਾ ਸ਼ੈਡਿਊਲ ਬਣ ਸਕਦਾ ਹੈ ਤਾਂ ਪੰਜਾਬ, ਜਿੱਥੇ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ, ਉਸ ਲਈ ਵੱਖਰਾ ਸ਼ੈਡਿਊਲ ਕਿਉਂ ਨਹੀਂ ਬਣਾਇਆ ਜਾ ਸਕਦਾ।


ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਨੂੰ ਜਿੰਨੀ ਵੈਕਸੀਨ ਦੀ ਲੋੜ ਹੈ ਓਨੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਬੁੱਧਵਾਰ ਤਕ ਦਾ ਹੀ ਵੈਕਸੀਨ ਸਟੌਕ ਸੀ ਤੇ ਉਮੀਦ ਸੀ ਕਿ ਬੁੱਧਵਾਰ ਕੇਂਦਰ ਸਰਕਾਰ ਤੋਂ ਦੋ ਲੱਖ ਡੋਜ਼ ਆ ਜਾਵੇਗੀ।


ਸਿੱਧੂ ਨੇ ਕਿਹਾ ਸੂਬੇ 'ਚ ਕਰੀਬ 3000 ਵੈਕਸੀਨੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਜਾ ਸਕੇ। ਪਰ ਕੇਂਦਰ ਸਰਕਾਰ ਪੰਜਾਬ ਨੂੰ ਵੈਕਸੀਨ ਡੋਜ਼ ਨਹੀਂ ਭੇਜ ਰਹੀ। ਉਨ੍ਹਾਂ ਕਿਹਾ ਪੰਜਾਬ 'ਚ ਕੋਰੋਨਾ ਰੋਕਣ ਲਈ ਛੇਤੀ ਸਾਰੇ ਲੋਕਾਂ ਨੂੰ ਵੈਕਸੀਨ ਦੀ ਲੋੜ ਹੈ ਤੇ ਇਸ ਲਈ ਕੇਂਦਰ ਨੂੰ ਲੋੜੀਂਦੀ ਵੈਕਸੀਨ ਦੇਣੀ ਹੋਵੇਗੀ।