ਚੰਡੀਗੜ੍ਹ: ਕੋਰੋਨਾ (Coronavirus) ਤੋਂ ਬਚਾਓ ਲਈ ਸਖਤੀ ਪਾਬੰਦੀਆਂ ਦੇ ਬਾਵਜੂਦ ਪੰਜਾਬ (Punjab) ਵਿੱਚ ਲੋਕ ਬੇਪ੍ਰਵਾਹ ਨਜ਼ਰ ਆ ਰਹੇ ਹਨ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ (Corona Guidelines) ਦੀ ਧੱਜੀਆਂ ਸ਼ਰੇਆਮ ਉੱਡ ਰਹੀਆਂ ਹਨ। ਪੁਲਿਸ ਵੀ ਨਿਯਮ ਲਾਗੂ ਕਰਵਾਉਣ ਦੀ ਖਾਨਾਪੂਰਤੀ ਹੀ ਕਰ ਰਹੀ ਹੈ। ਸ਼ਹਿਰਾਂ ਅੰਦਰ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਲੋਕ ਬਗੈਰ ਮਾਸਕ ਹੀ ਵੇਖੇ ਜਾ ਸਕਦੇ ਹਨ। ਸਬਜ਼ੀ ਮੰਡੀਆਂ, ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਵੀ ਭੀੜ ਵੇਖੀ ਜਾ ਸਕਦੀ ਹੈ। ਇਨ੍ਹਾਂ ਥਾਵਾਂ ਉੱਪਰ ਕਿਤੇ ਵੀ ਸੋਸ਼ਲ ਡਿਸਟੈਂਸਿੰਗ ਦਾ ਨਿਯਮ ਫੌਲੋ ਨਹੀਂ ਕੀਤਾ ਜਾ ਰਿਹਾ।


ਦੂਜੇ ਪਾਸੇ ਕੋਰੋਨਾ ਲਗਾਤਾਰ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਵਿੱਚ ਕਰੋਨਾਵਾਇਰਸ ਨਾਲ 69 ਹੋਰ ਮੌਤਾਂ ਹੋ ਗਈਆਂ। ਇਸ ਦੇ ਨਾਲ ਹੀ 4970 ਨਵੇਂ ਕੇਸ ਵੀ ਸਾਹਮਣੇ ਆਏ ਹਨ। ਵਾਇਰਸ ਨਾਲ ਰਾਜ ਵਿੱਚ ਹੁਣ ਤੱਕ 8114 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਸਭ ਤੋਂ ਪ੍ਰਭਾਵਿਤ ਸੂਬਿਆਂ ਦੀ ਸੂਚੀ ਵਿੱਚ ਪੰਜਾਬ ਦਾ ਨੰਬਰ ਬਰਕਰਾਰ ਹੈ। ਪੰਜਾਬ ਅੰਦਰ ਮੌਤ ਦਰ ਸਭ ਤੋਂ ਵੱਧ ਹੈ।


ਉਧਰ, ਪੁਲਿਸ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖਤੀ ਕੀਤੀ ਜਾ ਰਹੀ ਹੈ। ਪੁਲਿਸ ਨੇ ਬੁੱਧਵਾਰ ਨੂੰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਕਰੀਬਨ 130 ਐਫਆਈਆਰ ਦਰਜ ਕਰਨ ਦਾ ਦਾਅਵਾ ਕੀਤਾ ਹੈ। ਵੇਖਿਆ ਜਾਵੇ ਤਾਂ ਪੁਲਿਸ ਐਫਆਈਆਰ ਦਰਜ ਕਰਕੇ ਹੀ ਡੰਗ ਸਾਰ ਰਹੀ ਹੈ। ਪੁਲਿਸ ਨੂੰ ਜਿੱਥੇ ਸਖਤੀ ਕਰਨੀ ਚਾਹੀਦੀ ਹੈ, ਉੱਥੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।


ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ 18 ਅਪਰੈਲ ਤੋਂ ਰਾਤ ਦੇ ਕਰਫਿਊ ਸਮੇਂ ਤੇ ਇਕੱਠ ਦੀ ਸੀਮਾ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸਾਂ, ਮਾਲਜ਼, ਹੋਟਲਾਂ, ਰੈਸਟੋਰੈਂਟਾਂ ਆਦਿ ਦੇ ਲਗਪਗ 189 ਮਾਲਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।


ਡੀਜੀਪੀ ਨੇ ਦੱਸਿਆ ਹੈ ਕਿ ਬੁੱਧਵਾਰ 20,241 ਤੋਂ ਵੱਧ ਫੇਸ ਮਾਸਕ ਨਾ ਪਾਉਣ ਵਾਲਿਆਂ ਦਾ ਆਰਟੀ-ਪੀਸੀਆਰ ਟੈਸਟ ਕਰਵਾਇਆ ਗਿਆ ਤੇ 2199 ਲੋਕਾਂ ਦੇ ਚਲਾਨ ਵੀ ਕੀਤੇ ਗਏ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੈਰਿਜ ਪੈਲੇਸਾਂ, ਹੋਟਲਾਂ, ਮਾਲਾਂ ਆਦਿ ਵਿੱਚ ਵਾਧੂ ਇਕੱਠਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 400 ਦੇ ਕਰੀਬ ਵਿਸ਼ੇਸ਼ ਨਾਕੇ ਲਾਏ ਹਨ।


ਇਹ ਵੀ ਪੜ੍ਹੋ: India Corona Cases: ਭਾਰਤ 'ਚ ਕੋਰੋਨਾ ਹੋਇਆ ਖਤਰਨਾਕ, ਅੱਜ ਫਿਰ ਰਿਕਾਰਡ ਮੌਤਾਂ ਤੇ ਵੱਡੀ ਗਿਣਤੀ ਨਵੇਂ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904