ਚੰਡੀਗੜ੍ਹ: ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਬੇਸ਼ੱਕ ਪੰਜਾਬ ਵਿੱਚ ਕਰਫਿਊ ਦੀ ਮਿਆਦ 14 ਅਪਰੈਲ ਤਕ ਵਧਾ ਦਿੱਤੀ ਹੈ ਪਰ ਨਾਲ ਹੀ ਕੁਝ ਲੋਕਾਂ ਨੂੰ ਰਾਹਤ ਦਿੰਦਿਆਂ ਬਗੈਰ ਕਰਫਿਊ ਪਾਸ ਘਰੋਂ ਨਿਕਲਣ ਦੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਲੋਕਾਂ ਵਿੱਚ ਸਿਹਤ ਵਿਭਾਗ ਦੇ ਡਾਕਟਰ, ਅਮਲੇ ਤੇ ਮਰੀਜ਼ ਸ਼ਾਮਲ ਹਨ। ਇਹ ਹੁਣ ਆਪਣੇ ਸ਼ਨਾਖਤੀ ਕਾਰਡਾਂ ਵਿਖਾ ਕੇ ਬਿਨਾਂ ਪਾਸ ਦੇ ਹਸਪਤਾਲਾਂ ਵਿੱਚ ਆ ਜਾ ਸਕਣਗੇ।


ਇਸੇ ਤਰ੍ਹਾਂ ਬੈਂਕ, ਏਟੀਐਮ, ਡਾਕਘਰ ਤੇ ਕੁਰੀਅਰ ਸੇਵਾਵਾਂ ਨੂੰ ਕਰਫਿਊ ਤੋਂ ਛੋਟ ਦਿੰਦਿਆਂ ਪੂਰਾ ਹਫਤਾ ਕੰਮਕਾਜ ਕਰਨ ਦੀ ਖੁੱਲ੍ਹ ਦਿੱਤੀ ਹੈ। ਪ੍ਰਾਈਵੇਟ ਹਸਪਤਾਲਾਂ ਤੇ ਨਰਸਿੰਗਾਂ ਹੋਮਾਂ ਨੂੰ ਪੰਜਾਬ ਮੈਡੀਕਲ ਕੌਂਸਲ ਜਾਂ ਡੈਂਟਲ ਕੌਂਸਲ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ’ਤੇ ਕਰਫਿਊ ਦੌਰਾਨ ਆਉਣ-ਜਾਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਕੁਝ ਰਾਹਤਾਂ ਦਿੱਤੀਆਂ ਹਨ। ਕੰਬਾਈਨ ਮਾਲਕਾਂ ਨੂੰ ਕੰਬਾਈਨਾਂ ਲਿਜਾਣ ਦੀ ਆਗਿਆ ਦਿੱਤੀ ਗਈ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ ਵੱਖ ਵੱਖ ਮਾਮਲਿਆਂ ਵਿੱਚ ਖੁੱਲ੍ਹ ਦੇਣ ਲਈ ਬਕਾਇਦਾ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਲੋੜ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਹੈ।

ਰਾਜ ਸਰਕਾਰ ਨੇ ਪਹਿਲਾਂ ਬੈਂਕ ਤੇ ਏਟੀਐੱਮ 30 ਤੇ 31 ਮਾਰਚ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਸੀ, ਪਰ ਹੁਣ ਪੂਰਾ ਹਫ਼ਤਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਜ਼ਰੂਰੀ ਲੋੜਾਂ ਲਈ ਪੈਸਾ ਮਿਲ ਸਕੇ। ਇਸੇ ਤਰ੍ਹਾਂ ਸੂਬੇ ਦੇ ਓਓਏਟੀ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਤੇ ਨਸ਼ਾ ਛੁਡਾਊ ਕੇਂਦਰਾਂ ਤੋਂ ਦਵਾਈ ਲੈ ਰਹੇ ਮਰੀਜ਼ਾਂ ਨੂੰ ਪਹਿਲਾਂ ਤੋਂ ਜਾਰੀ ਕੀਤੀਆਂ ਪਰਚੀਆਂ ਤੇ ਕਾਰਡਾਂ ਦੇ ਆਧਾਰ ’ਤੇ ਕੇਂਦਰਾਂ ਵਿਚ ਆਉਣ ਦੀ ਖੁੱਲ੍ਹ ਹੋਵੇਗੀ।