ਅੰਮ੍ਰਿਤਸਰ: ਕ੍ਰਿਸ਼ਨਾ ਨਗਰ ਅੰਮ੍ਰਿਤਸਰ ਨਿਵਾਸੀ ਬਲਬੀਰ ਸਿੰਘ, ਜੋ ਕਿ 20 ਅਪ੍ਰੈਲ ਨੂੰ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਹੁੰਚ ਚੁੱਕੇ ਹਨ, ਦੀ 51 ਸਾਲਾ ਪਤਨੀ ਪਰਮਜੀਤ ਕੌਰ ਵੀ ਅੱਜ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਆਪਣੇ ਘਰ ਪਰਤ ਗਈ ਹੈ।

ਦੱਸਣਯੋਗ ਹੈ ਕਿ ਬਲਬੀਰ ਸਿੰਘ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਉਣ ਮਗਰੋਂ ਉਨ੍ਹਾਂ ਦੀ ਪਤਨੀ ਵੀ ਕੋਵਿਡ-19 ਦੀ ਮਰੀਜ਼ ਪਾਈ ਗਈ ਸੀ। ਇੰਨਾ ਨੂੰ ਤਿੰਨ ਅਪ੍ਰੈਲ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਚ ਦਾਖਲ ਕਰਵਾਇਆ ਗਿਆ ਸੀ। ਪਰਮਜੀਤ ਦੇ ਦੋ ਟੈਸਟ ਨੈਗੇਟਿਵ ਆਉਣ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਸ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਬੀਬੀ ਪਰਮਜੀਤ ਕੌਰ ਨੂੰ ਫੋਨ ਉਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਹਸਪਤਾਲ ਪ੍ਰਬੰਧਾਂ ਬਾਰੇ ਫੀਡ ਬੈਕ ਲਈ। ਬੀਬੀ ਪਰਮਜੀਤ ਕੌਰ ਨੇ ਇਸ ਮੌਕੇ ਹਸਪਤਾਲ ਦੇ ਸਾਰੇ ਸਟਾਫ ਵੱਲੋਂ ਦਿੱਤੇ ਇਲਾਜ ਤੇ ਪਿਆਰ ਲਈ ਧੰਨਵਾਦ ਕੀਤਾ। ਸਾਰੇ ਅਮਲੇ ਨੇ ਤਾੜੀਆਂ ਦੀ ਗੂੰਜ ਨਾਲ ਉਨਾਂ ਨੂੰ ਹਸਪਤਾਲ ਤੋਂ ਵਿਦਾ ਕੀਤਾ।