ਚੰਡੀਗੜ੍ਹ: ਕੋਰੋਨਾਵਾਇਰਸ ਦੀ ਦਹਿਸ਼ਤ ਵਿੱਚ ਪੰਜਾਬ ਸਰਕਾਰ ਵੱਲੋਂ ਕਰਫਿਊ ਲਾਉਣ ਦਾ ਸਭ ਨੇ ਸਵਾਗਤ ਕੀਤਾ ਸੀ ਪਰ ਪੁਲਿਸ ਨੇ ਲੋਕਾਂ ਉੱਪਰ ਇੰਨੀ ਸਖਤੀ ਕਰ ਦਿੱਤੀ ਕਿ ਆਖਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਦਖਲ ਦੇਣਾ ਪਿਆ। ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਵੇਖ ਕੈਪਟਨ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਨਾ ਆਇਆ ਜਾਵੇ। ਕੈਪਟਨ ਨੇ ਕਿਹਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦਾ ਘਰਾਂ ਅੰਦਰ ਰਹਿਣਾ ਹੀ ਸਹੀ ਹੈ। ਪੁਲਿਸ ਕਰਫਿਊ ਨੂੰ ਪੂਰੀ ਸਖਤੀ ਨਾਲ ਲਾਗੂ ਕਰੇ ਪਰ ਬਗੈਰ ਕਿਸੇ ਕਾਰਨ ਲੋਕਾਂ ਦੀ ਕੁੱਟਮਾਰ ਨਾ ਕਰੇ।

ਮੀਡੀਆ ਅੰਦਰ ਇਹ ਮੁੱਦਾ ਭਖਣ ਮਗਰੋਂ ਅੱਜ ਪੁਲਿਸ ਵੀ ਸ਼ਾਂਤ ਨਜ਼ਰ ਆਈ। ਅੱਜ ਕਈ ਥਾਵਾਂ 'ਤੇ ਸਬਜ਼ੀਆਂ ਦੀ ਰੇਹੜੀਆਂ ਵੀ ਵੇਖੀਆਂ ਗਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ। ਉਂਝ ਪੁਲਿਸ ਇਸ ਗੱਲ਼ ਦਾ ਧਿਆਨ ਰੱਖ ਰਹੀ ਹੈ ਕਿ ਕਿਤੇ ਵੀ ਭੀੜ ਨਾ ਹੋਏ। ਹੌਲੀ-ਹੌਲੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਵੀ ਬਹਾਲ ਹੋ ਰਹੀ ਹੈ। ਇਸ ਲਈ ਸਮਾਜ ਸੇਵੀ ਸੰਸਥਵਾਂ ਦੀ ਮਦਦ ਨਾਲ ਪ੍ਰਸ਼ਾਸਨ ਖਾਸ ਪ੍ਰਬੰਧ ਕਰ ਰਿਹਾ ਹੈ।

ਇੱਥੇ ਅਹਿਮ ਹੈ ਕਿ ਬੇਸ਼ੱਕ ਕੁਝ ਲੋਕ ਪੁਲਿਸ ਦੀ ਸਖਤੀ ਦਾ ਵਿਰੋਧ ਕਰ ਰਹੇ ਹਨ ਪਰ ਦੂਜੇ ਪਾਸੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਵੀ ਹੋ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਲੋਕਾਂ ਦੀ ਮਦਦ ਵੀ ਕਰ ਰਹੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਪਰ ਇਸ ਦੀ ਪ੍ਰਸੰਸ਼ਾ ਹੋ ਰਹੀ ਹੈ। ਪੁਲਿਸ ਵੱਲੋਂ ਨਿੱਤ ਵਰਤੋਂ ਦੀਆਂ ਵਸਤਾਂ ਖਾਸ ਕਰ ਰਾਸ਼ਨ ਤੇ ਸਬਜ਼ੀਆਂ ਆਦਿ ਮੁਹੱਈਆ ਕਰਾਉਣ ਦੀ ਡਿਊਟੀ ਨਿਭਾਈ ਜਾ ਰਹੀ ਹੈ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਜਨਤਕ ਜਥੇਬੰਦੀਆਂ ਨੇ ਪੰਜਾਬ ਪੁਲਿਸ ਵੱਲੋਂ ਕਰਫਿਊ ਲਾਗੂ ਕਰਨ ਲਈ ਅਪਣਾਏ ਗਏ ਗੈਰ-ਮਨੁੱਖੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ’ਚ ਲੋਕਾਂ ਨੂੰ ਦਲੀਲ ਨਾਲ ਪੇਸ਼ ਆਉਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਔਰਤਾਂ ਤੋਂ ਬੈਠਕਾਂ ਮਰਵਾਉਣੀਆਂ ਸਾਡੇ ਸਭਿਆਚਾਰ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਚਾਨਕ ਲਾਏ ਗਏ ਕਰਫਿਊ ਲਈ ਤਿਆਰ ਨਹੀਂ ਸਨ, ਜਿਸ ਕਰਕੇ ਉਹ ਹੈਰਾਨ ਹਨ।