ਚੰਡੀਗੜ੍ਹ: ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਲਗਾਤਾਰ ਦੂਜੇ ਦਿਨ 200 ਤੋਂ ਵੱਧ ਯਾਨੀ 223 ਮਰੀਜ਼ ਪਾਏ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 1079 ਹੋ ਗਈ ਹੈ। ਇਨ੍ਹਾਂ ਵਿੱਚੋਂ 40 ਨੂੰ ਲਾਈਫ ਸਪੋਰਟ 'ਤੇ ਸ਼ਿਫਟ ਕੀਤਾ ਗਿਆ ਹੈ। ਪੰਜਾਬ ਦੀ ਪੌਜੇਟੀਵਿਟੀ ਦਰ 1.87% ਹੋ ਗਈ ਹੈ। ਬੁੱਧਵਾਰ ਨੂੰ 12,471 ਕੋਵਿਡ ਨਮੂਨੇ ਲੈ ਕੇ 11,925 ਦੀ ਜਾਂਚ ਕੀਤੀ ਗਈ।



ਪੰਜਾਬ 'ਚ ਲੁਧਿਆਣਾ ਤੇ ਮੋਹਾਲੀ ਤੋਂ ਬਾਅਦ ਹੁਣ ਪਟਿਆਲਾ 'ਚ ਵੀ ਹਾਲਾਤ ਖਰਾਬ ਹੋਣ ਲੱਗੇ ਹਨ। ਬੁੱਧਵਾਰ ਨੂੰ ਇਨ੍ਹਾਂ 3 ਜ਼ਿਲ੍ਹਿਆਂ ਵਿੱਚ 3 ਮੌਤਾਂ ਹੋਈਆਂ ਹਨ। ਮੋਹਾਲੀ ਵਿੱਚ ਵੀ ਸਭ ਤੋਂ ਵੱਧ 52 ਪੌਜ਼ੇਟਿਵ ਕੇਸ ਪਾਏ ਗਏ ਹਨ। ਜਿੱਥੇ ਪੌਜੇਟੀਵਿਟੀ ਦਰ ਵੀ 9.04% ਸੀ। ਦੂਜੇ ਨੰਬਰ 'ਤੇ 1.11% ਪੌਜੇਟੀਵਿਟੀ ਦਰ ਦੇ ਨਾਲ 39 ਮਰੀਜ਼ ਮਿਲੇ ਹਨ। ਪਟਿਆਲਾ ਵਿੱਚ 6.91% ਦੀ ਪੌਜੇਟੀਵਿਟੀ ਦਰ ਦੇ ਨਾਲ 26 ਮਰੀਜ਼ ਮਿਲੇ ਹਨ।

ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿੱਚ ਕੋਰੋਨਾ ਕਾਰਨ 27 ਮੌਤਾਂ ਹੋ ਚੁੱਕੀਆਂ ਹਨ। ਇਸ ਵਿੱਚ ਸਭ ਤੋਂ ਵੱਧ 13 ਮਰੀਜ਼ਾਂ ਦੀ ਮੌਤ ਲੁਧਿਆਣਾ ਵਿੱਚ ਹੋਈ ਹੈ। ਮੁਹਾਲੀ ਵਿੱਚ 5 ਤੇ ਅੰਮ੍ਰਿਤਸਰ ਵਿੱਚ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 3700 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਸਿਰਫ਼ 2,653 ਹੀ ਠੀਕ ਹੋਏ ਹਨ।


ਦੱਸ ਦੇਈਏ ਕਿ ਦੇਸ਼ ਦੇ ਕੁਝ ਰਾਜਾਂ ਵਿੱਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਨਵੇਂ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਦਾ ਖ਼ਤਰਾ ਘੱਟ ਹੈ ਪਰ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ। WHO ਮੁਤਾਬਕ ਦੁਨੀਆ ਦੇ 110 ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।


ਦੱਸ ਦੇਈਏ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 18,578 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਸ ਸਾਲ 19 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਹਨ। 19 ਫਰਵਰੀ ਨੂੰ 19,968 ਨਵੇਂ ਸੰਕਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਬੁੱਧਵਾਰ ਨੂੰ 13,736 ਲੋਕਾਂ ਨੇ ਕੋਰੋਨਾ ਨੂੰ ਹਰਾਇਆ, ਜਦਕਿ 35 ਮਰੀਜ਼ਾਂ ਦੀ ਮੌਤ ਹੋ ਗਈ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਨਵੇਂ ਕੇਸਾਂ ਵਿੱਚ 28% ਦਾ ਵਾਧਾ ਹੋਇਆ। ਮੰਗਲਵਾਰ ਨੂੰ 14,506 ਨਵੇਂ ਮਾਮਲੇ ਸਾਹਮਣੇ ਆਏ ਹਨ।