ਬਠਿੰਡਾ: ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਨਾਲ ਪੰਜਾਬ 'ਚ ਕਈ ਥਾਈਂ ਝੋਨੇ ਦੇ ਨਾਲ-ਨਾਲ ਨਰਮੇ ਤੇ ਕਪਾਹ ਦੀ ਫ਼ਸਲ 'ਤੇ ਵੀ ਬੁਰਾ ਅਸਰ ਪਿਆ। ਦੂਜੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕਪਾਹ ਤੇ ਨਰਮੇ ਦੀ ਫ਼ਸਲ ਦੀ ਚੰਗੀ ਪੈਦਾਵਾਰ ਦੀ ਆਸ ਹੈ। ਨਰਮੇ ਤੇ ਕਪਾਹ ਦੇ ਬੂਟਿਆਂ ਦੀ ਉਚਾਈ 6 ਤੋਂ ਸੱਤ ਫੁੱਟ ਹੋ ਗਈ ਹੈ ਤੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਇਸ ਵਾਰ ਰਿਕਾਰਡ ਤੋੜ ਪੈਦਾਵਾਰ ਦੀ ਆਸ ਹੈ। ਖੇਤੀਬਾੜੀ ਮਾਹਰ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ 'ਚ ਮੀਂਹ ਦਾ ਜ਼ੋਰ ਘੱਟ ਸੀ ਇਸ ਕਰਕੇ ਫਸਲਾਂ ਦਾ ਬਚਾਅ ਰਿਹਾ। ਉਨ੍ਹਾਂ ਮੁਤਾਬਕ ਸਗੋਂ ਥੋੜ੍ਹੀ ਬਾਰਸ਼ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਈ ਹੈ।

ਗਿੱਦੜਬਾਹਾ 'ਚ ਪੈਂਦੇ ਪਿੰਡ ਧੌਲਾ ਦੇ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਉਸ ਨੇ ਸਵਾ ਏਕੜ ਜ਼ਮੀਨ 'ਚ ਕਪਾਹ ਦੀ ਬੀਜੀ ਹੈ ਤੇ ਚੰਗੀ ਕਿਸਮਤ ਨਾਲ ਇਸ ਵਾਰ ਫ਼ਸਲ ਕਿਸੇ ਵੀ ਬਿਮਾਰੀ ਜਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਨਹੀਂ ਹੋਈ। ਉਸ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲਾਂ ਮੁਕਾਬਲੇ ਰਿਕਾਰਡ ਤੋੜ ਪੈਦਾਵਾਰ ਦੀ ਆਸ ਹੈ। ਹੁਣ ਤਕ ਫ਼ਸਲ 'ਤੇ ਤਿੰਨ ਵਾਰ ਕੀਟਨਾਸ਼ਕ ਦਾ ਛਿੜਕਾਅ ਕੀਤੇ ਜਾ ਚੁੱਕੇ ਹਨ ਤੇ ਹੁਣ ਟੀਂਡੇ ਆਉਣੇ ਸ਼ੁਰੂ ਹੋ ਗਏ ਹਨ। ਇਸੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਫ਼ਸਲ ਦਾ ਕੱਦ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਹੈ ਤੇ ਬਾਰਿਸ਼ ਦੀ ਮਾਰ ਤੋਂ ਵੀ ਫ਼ਸਲ ਦਾ ਬਚਾਅ ਹੋ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੁਕਤਸਰ 'ਚ ਕਰੀਬ 52,000 ਏਕੜ ਕਪਾਹ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ। ਬੂਟਿਆਂ ਦੀ ਉੱਚਾਈ ਕਾਫੀ ਚੰਗੀ ਹੈ ਤੇ ਫ਼ਸਲ ਬਿਮਾਰੀ ਤੋਂ ਵੀ ਰਹਿਤ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਹੋਈ ਬੇਮੌਸਮੀ ਬਰਸਾਤ ਦਾ ਨਾਮਾਤਰ ਪ੍ਰਭਾਵ ਫਸਲਾਂ 'ਤੇ ਜ਼ਰੂਰ ਹੈ ਪਰ ਇਸ ਨਾਲ ਫ਼ਸਲਾਂ ਦੇ ਭਾਅ 'ਤੇ ਕੋਈ ਅਸਰ ਨਹੀਂ ਪਵੇਗਾ। ਮੰਡੀਆਂ 'ਚ ਪਹਿਲਾਂ ਹੀ ਫਸਲ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਇਸ ਦਾ ਚੰਗਾ ਮੁੱਲ ਵੀ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 5,800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭਾਅ ਮਿਲ ਰਿਹਾ ਹੈ।