ਬਰਨਾਲਾ 'ਚ ਨੌਜਵਾਨ ਜੋੜੇ ਨੇ ਰੇਲ ਅੱਗੇ ਛਾਲ ਮਾਰ ਕੇ ਦਿੱਤੀ ਜਾਨ
ਏਬੀਪੀ ਸਾਂਝਾ | 02 Dec 2017 02:28 PM (IST)
ਪ੍ਰਤੀਕਾਤਮਕ ਤਸਵੀਰ
ਬੀਤੀ ਦੇਰ ਰਾਤ ਇੱਕ ਨੌਜਵਾਨ ਜੋੜੇ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਪਛਾਣ ਨਹੀਂ ਹੋ ਸਕੀ ਹੈ। ਜਦੋਂ ਪੁਲਿਸ ਇਸ ਘਟਨਾ ਦੀ ਜਾਂਚ ਲਈ ਪਹੁੰਚੀ ਤਾਂ ਟੀਮ ਦੇ ਇੰਚਾਰਜ ਤੇ ਹੌਲਦਾਰ ਨੇ ਨਸ਼ੇ ਦੀ ਹਾਲਤ ਵਿੱਚ ਪੱਤਰਕਾਰਾਂ ਨਾਲ ਬਦਸਲੂਕੀ ਵੀ ਕੀਤੀ। ਬਰਨਾਲਾ-ਹੰਢਿਆਇਆ ਰੇਲ ਲਾਈਨ 'ਤੇ ਖ਼ੁਦਕੁਸ਼ੀ ਕਰ ਚੁੱਕੇ ਨੌਜਵਾਨ ਦੀ ਉਮਰ 25-26 ਸਾਲ ਤੇ ਲੜਕੀ ਦੀ ਉਮਰ ਤਕਰੀਬਨ 20 ਸਾਲ ਲੱਗ ਰਹੀ ਹੈ। ਹਾਦਸੇ ਵਿੱਚ ਕੁੜੀ ਦਾ ਸਰੀਰ ਦੋ ਹਿੱਸਿਆਂ ਵਿੱਚ ਕੱਟਿਆ ਗਿਆ। ਪੁਲਿਸ ਹੱਥ ਉਨ੍ਹਾਂ ਦਾ ਮੋਬਾਈਲ ਲੱਗਾ ਹੈ, ਜੋ ਕਿ ਟੁੱਟ ਚੁੱਕਾ ਹੈ। ਫਿਲਹਾਲ ਦੋਵਾਂ ਦੀਆਂ ਲਾਸ਼ਾਂ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀਆਂ ਹਨ ਤੇ ਉਨ੍ਹਾਂ ਦੀ ਪਛਾਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਜਦੋਂ ਘਟਨਾ ਦੀ ਸੂਚਨਾ ਮਿਲਦਿਆਂ ਪੱਤਰਕਾਰ ਮੌਕੇ 'ਤੇ ਪਹੁੰਚੇ ਤਾਂ ਉੱਥੇ ਮੌਜੂਦ ਪੁਲਿਸ ਕਰਮੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਮੁਲਾਜ਼ਮਾਂ ਨੇ ਘਟਨਾ ਦੀ ਜਾਣਕਾਰੀ ਦੇਣ ਤੋਂ ਇਨਕਾਰ ਵੀ ਕੀਤਾ ਤੇ ਕੈਮਰਾ ਆਦਿ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਮੁਲਾਜ਼ਮ ਨਸ਼ੇ ਵਿੱਚ ਸਨ।