ਮੁੱਲਾਂਪੁਰ : ਲੁਧਿਆਣਾ ਦੇ ਮੁੱਲਾਂਪੁਰ ਇਲਾਕੇ 'ਚ ਇੱਕ ਜੋੜੇ ਵੱਲੋਂ ਵਿਦੇਸ਼ ਭੇਜਣ ਦੇ ਨਾਂ 'ਤੇ 50 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਉਕਤ ਵਿਅਕਤੀ ਦੇ ਲੜਕੇ ਅਤੇ ਨੂੰਹ ਨੂੰ ਕੈਨੇਡਾ ਭੇਜਣ ਦੇ ਬਹਾਨੇ ਉਸ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ 'ਤੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਥਾਣਾ ਦਾਖਾ ਦੇ ਐਸ.ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਮੁੱਲਾਂਪੁਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ 28 ਅਪ੍ਰੈਲ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਸਿਵਲ ਲਾਈਨ ਲੁਧਿਆਣਾ ਦੇ ਰਹਿਣ ਵਾਲੇ ਅਮਿਤ ਕੁਮਾਰ ਅਤੇ ਉਸਦੀ ਪਤਨੀ ਸੀਮਾ ਨੇ ਉਸਨੂੰ ਭਰੋਸੇ ਵਿੱਚ ਲੈ ਕੇ ਕਿਹਾ ਸੀ ਕਿ ਉਹ ਉਸ ਦੇ ਬੇਟੇ ਅਤੇ ਨੂੰਹ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਣਗੇ। ਜਿਸ ਲਈ ਜੋੜੇ ਨੇ ਉਸ ਨੂੰ 50 ਲੱਖ ਰੁਪਏ ਦਾ ਖਰਚਾ ਦੱਸਿਆ।

ਪੀੜਤ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਆਪਣੇ ਲੜਕੇ ਅਤੇ ਨੂੰਹ ਨੂੰ ਵਿਦੇਸ਼ ਭੇਜਣ ਲਈ ਅਮਿਤ ਕੁਮਾਰ ਅਤੇ ਉਸ ਦੀ ਪਤਨੀ ਸੀਮਾ ’ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ 50 ਲੱਖ ਰੁਪਏ ਦਿੱਤੇ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਮਿਤ ਕੁਮਾਰ ਅਤੇ ਉਸ ਦੀ ਪਤਨੀ ਸੀਮਾ ਨੇ ਨਾ ਤਾਂ ਉਸ ਦੇ ਲੜਕੇ ਅਤੇ ਨੂੰਹ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਤੀ ਗਈ 50 ਲੱਖ ਰੁਪਏ ਦੀ ਰਾਸ਼ੀ ਵਾਪਸ ਕੀਤੀ।


ਓਧਰ ਐਸ.ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਪੀੜਤ ਕੁਲਵੰਤ ਸਿੰਘ ਦੀ ਸ਼ਿਕਾਇਤ ਸਹੀ ਪਾਈ ਗਈ ਹੈ। ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਅਮਿਤ ਕੁਮਾਰ ਅਤੇ ਉਸ ਦੀ ਪਤਨੀ ਸੀਮਾ ਨੂੰ ਨਾਮਜ਼ਦ ਕਰਕੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।