ਮੋਹਾਲੀ : ਮੋਹਾਲੀ ਜ਼ਿਲ੍ਹਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਬਦਮਾਸ਼ ਨੂੰ ਇਕ ਲਗਜ਼ਰੀ ਕਾਰ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਐਸਐਸਪੀ ਵੀਕੇ ਸੋਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਹੈ। 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਭੀਮਾ ਵਾਸੀ ਦੋਰਾਹਾ, ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 11 ਪਿਸਤੌਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਭੀਮ ਨੂੰ ਸ਼ੁੱਕਰਵਾਰ ਨੂੰ ਖਰੜ ਦੇ ਕ੍ਰਿਸ਼ਚੀਅਨ ਸਕੂਲ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਉਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

ਓਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ ਦੀ ਅਦਾਲਤ ਨੇ ਪਿਛਲੇ ਦਿਨੀਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਗੈਂਗਸਟਰ ਬਿਸ਼ਨੋਈ ਨੂੰ ਪੂਰੀ ਪੁਲਿਸ ਫੋਰਸ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।  ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਹੇਠ ਖਰੜ ਸਥਿਤ ਸੀਆਈਏ ਸਟਾਫ਼ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸਟੇਟ ਅਪਰਾਧ ਸੈੱਲ ਮੋਹਾਲੀ ਨੇ ਫਿਰੌਤੀ ਮੰਗਣ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਬਣਾਉਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਨੂੰ ਗਿ੍ਫ਼ਤਾਰ ਕੀਤਾ ਸੀ ਤੇ 29 ਅਗਸਤ ਨੂੰ ਉਸ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਪਰ ਖਰੜ ਪੁਲਿਸ ਨੇ ਉਸ ਨੂੰ ਨਵੇਂ ਕੇਸ ਵਿਚ ਗਿ੍ਫ਼ਤਾਰ ਕਰ ਲਿਆ। 

 

 ਐੱਨਡੀਪੀਐੱਸ ਤੇ ਆਰਮਜ਼ ਐਕਟ 'ਚ ਲਾਰੈਂਸ ਗਿ੍ਫ਼ਤਾਰ


ਸੀਆਈਏ ਸਟਾਫ ਪੁਲਿਸ ਨੇ ਖਰੜ-ਲਾਂਡਰਾ ਰੋਡ 'ਤੇ ਗੋਲਡ ਹੋਮ ਸੁਸਾਇਟੀ ਦੇ ਸਾਹਮਣੇ 7 ਜੂਨ 2022 ਨੂੰ ਸਪੈਸ਼ਲ ਨਾਕੇਬੰਦੀ ਦੌਰਾਨ ਨਿਖਿਲ ਕਾਂਤ ਸ਼ਰਮਾ ਵਾਸੀ ਮੁਹੱਲਾ ਰੂਪ ਚੰਦ ਕੋਤਵਾਲੀ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਸੀ। ਕਾਬੂ ਕੀਤੇ ਮੁਲਜ਼ਮ ਨਿਖਿਲ ਕਾਂਤ ਕੋਲੋਂ ਸੀਆਈਏ ਪੁਲਿਸ ਨੇ 32 ਬੋਰ ਦਾ ਪਿਸਤੌਲ, ਪੰਜ ਰੌਂਦ, ਦੋ ਮੋਬਾਈਲ ਫੋਨ, ਇਕ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਨਿਖਿਲ ਕਾਂਤ ਨੇ ਦੱਸਿਆ ਸੀ ਕਿ ਉਹ ਲਾਰੈਂਸ ਗੈਂਗ ਲਈ ਕੰਮ ਕਰਦਾ ਹੈ। ਇਸ ਮਾਮਲੇ 'ਚ ਥਾਣਾ ਸਦਰ ਖਰੜ 'ਚ ਐੱਫਆਈਆਰ ਨੰਬਰ-115 ਦਰਜ ਕੀਤੀ ਗਈ ਸੀ ,ਜਿਸ 'ਚ ਮੁਲਜ਼ਮ ਨਿਖਿਲਕਾਂਤ ਖ਼ਿਲਾਫ਼ ਆਰਮਜ਼ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ 'ਤੇ ਲਿਆ ਹੈ।

ਫ਼ਰਜ਼ੀ ਪਾਸਪੋਰਟ ਮਾਮਲੇ 'ਚ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ


ਇਸ ਮਾਮਲੇ 'ਚ ਸਟੇਟ ਕਰਾਇਮ ਸੈੱਲ ਮੋਹਾਲੀ ਥਾਣੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਕਰਮਵੀਰ ਸਿੰਘ, ਪਤਵੀਰ ਬੜਿੰਗ, ਰਾਜਵੀਰ ਸਿੰਘ, ਯਾਦਵਿੰਦਰ ਸਿੰਘ, ਬਲਦੇਵ ਚੌਧਰੀ, ਗੁਰਵਿੰਦਰ ਪਾਲ ਖ਼ਿਲਾਫ਼ ਧਾਰਾ 366, 467, 466, 467 ਆਈ ਅਤੇ ਪਾਸਪੋਰਟ ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਫ਼ਰਜ਼ੀ ਪਾਸਪੋਰਟ ਬਣਾ ਕੇ ਆਪਣੇ ਛੋਟੇ ਭਰਾ ਨੂੰ ਵਿਦੇਸ਼ ਭੇਜਿਆ ਹੈ। ਲਾਰੈਂਸ ਬਿਸ਼ਨੋਈ 'ਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਫ਼ਰਜ਼ੀ ਪਾਸਪੋਰਟ 'ਤੇ ਵਿਦੇਸ਼ ਭੇਜਣ ਦਾ ਦੋਸ਼ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਕੇਸ 'ਚ ਪਾਸਪੋਰਟ ਬਣਾਉਣ 'ਚ ਜਿਸ ਟਰੈਵਲ ਏਜੰਟ ਨੇ ਪਾਸਪੋਰਟ ਬਣਾਉਣ 'ਚ ਮਦਦ ਕੀਤੀ ਹੈ, ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।