ਸੰਗਰੂਰ: ਦੇਰ ਰਾਤ ਘਰੋਂ ਬਾਹਰ ਟਹਿਲਣ ਲਈ ਨਿੱਕਲੇ ਜੋੜੇ ਨੂੰ ਕੁਝ ਲੋਕਾਂ ਨੇ ਘੇਰ ਕੇ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਫਾਈਨਾਂਸ ਦਾ ਕੰਮ ਕਰਨ ਵਾਲੇ ਚਰਨਜੀਤ ਗਰਗ ਤੇ ਉਸ ਦੀ ਪਤਨੀ ਪੂਜਾ ਗਰਗ ਵਜੋਂ ਹੋਈ ਹੈ। ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ। ਘਟਨਾ ਨੂੰ ਕਿਸੇ ਰੰਜਿਸ਼ ਤਹਿਤ ਅੰਜਾਮ ਦਿੱਤਾ ਜਾਪਦਾ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੋਕਾਂ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ 11 ਵਜੇ ਚਰਨਜੀਤ ਗਰਗ ਆਪਣੀ ਪਤਨੀ ਪੂਜਾ ਗਰਗ ਨਾਲ ਰਾਤ ਨੂੰ ਸੜਕ 'ਤੇ ਟਹਿਲਣ ਲਈ ਰਣਬੀਰ ਕਾਲਜ ਵਾਲੀ ਸੜਕ 'ਤੇ ਨਿਕਲਿਆ ਸੀ। ਸਰਦਾਰ ਬਸਤੀ ਕੋਲ ਕੁਝ ਲੋਕ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹੋਏ ਸਨ। ਦੋਵਾਂ ਦੇ ਨੇੜੇ ਆਉਂਦਿਆਂ ਹੀ ਹਮਲਾਵਰਾਂ ਨੇ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਭਰਾ ਕਰਮਜੀਤ ਨੇ ਦੱਸਿਆ ਕਿ ਉਸ ਦਾ ਭਰਾ ਚਰਨਜੀਤ ਫਾਈਨਾਂਸ ਦਾ ਕਾਰੋਬਾਰੀ ਸੀ ਤੇ ਰੇਲਵੇ ਬੋਰਡ ਦਾ ਮੈਂਬਰ ਵੀ ਰਹਿ ਚੁੱਕਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 11 ਵਜੇ ਚਰਨਜੀਤ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਕੁਝ ਲੋਕਾਂ ਨੇ ਉਸ ਨੂੰ ਘੇਰ ਰੱਖਿਆ ਹੈ ਤੇ ਲੜਾਈ ਝਗੜਾ ਕਰ ਰਹੇ ਹਨ। ਇਸ ਤੋਂ ਬਾਅਦ ਉਹ ਉੱਥੇ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੇ ਭਰਾ ਤੇ ਭਰਜਾਈ ਨੂੰ ਮਾਰ ਦਿੱਤਾ ਸੀ ਤੇ ਕਾਰ ਵਿੱਚ ਫਰਾਰ ਹੋ ਰਹੇ ਸਨ। ਕਰਮਜੀਤ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਕੀਤਾ ਗਿਆ ਹੈ।
ਥਾਣਾ ਸਿਟੀ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਿੱਚ ਕਾਂਗਰਸ ਦਾ ਸਾਬਕਾ ਕੌਂਸਲਰ ਵੀ ਸ਼ਾਮਲ ਹੈ। ਮ੍ਰਿਤਕ ਦਾ ਸਬੰਧ ਅਕਾਲੀ ਦਲ ਨਾਲ ਸੀ, ਇਸ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ। ਢੀਂਡਸਾ ਨੇ ਮੌਜੂਦਾ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਰਾਜ ਵਿੱਚ ਬੇਖ਼ੌਫ ਹੋ ਕੇ ਅਕਾਲੀ ਵਰਕਰ ਦਾ ਕਤਲ ਕੀਤਾ ਗਿਆ। ਉਨ੍ਹਾਂ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸਰਕਾਰ ਵਿਰੁੱਧ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਗੇ।