ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਪੰਜਾਬ ਵਿੱਚ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਵਿੱਚ ਨਾਈਟ ਕਰਫਿਊ ਤੇ ਵੀਕੈਂਡ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਹੀ ਸਮੇਂ ਵਿੱਚ ਪੰਜਾਬੀਆਂ ਦੇ ਰੂਬਰੂ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਕੋਰੋਨਾ ਵਾਇਰਸ ਨੂੰ ਦੇਖਦਿਆਂ ਸੂਬੇ 'ਚ ਕੁਝ ਹੋਰ ਨਵੀਆਂ ਹਿਦਾਇਤਾਂ ਵੀ ਜਾਰੀ ਕਰ ਸਕਦੇ ਹਨ। ਪਰ ਫਿਲਹਾਲ ਇਹ ਖ਼ਬਰ ਆਈ ਹੈ ਕਿ ਸੂਬੇ ਵਿੱਚ ਜਾਰੀ ਤਾਜ਼ਾ ਰੋਕਾਂ ਨੂੰ ਮਹੀਨੇ ਦੇ ਅੰਤ ਤੱਕ ਹੋਰ ਵਧਾ ਦਿੱਤਾ ਗਿਆ ਹੈ।
ਕੈਪਟਨ ਨੇ ਪਹਿਲਾਂ 15 ਮਈ ਤਕ ਕੋਰੋਨਾ ਰੋਕੂ ਨਿਰਦੇਸ਼ ਜਾਰੀ ਕੀਤੇ ਸਨ ਅਤੇ ਅੱਜ 16 ਮਈ ਤੋਂ ਇਹੋ ਨਿਰਦੇਸ਼ ਜਾਰੀ ਰਹਿਣਗੇ। ਇਸ ਸਮੇਂ ਪੰਜਾਬ ਵਿੱਚ ਹਫ਼ਤੇ ਦੇ ਅਖ਼ੀਰਲੇ ਦਿਨਾਂ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਅਤੇ ਬਾਕੀ ਦੇ ਦਿਨ ਸ਼ਾਮ ਨੂੰ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਸਮੇਂ ਕਰਫਿਊ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਹਰੇਕ ਜ਼ਿਲ੍ਹੇ ਵਿੱਚ ਮਹਾਮਾਰੀ ਦੇ ਫੈਲਾਅ ਦੇ ਹਿਸਾਬ ਨਾਲ ਦੁਕਾਨਾਂ ਤੇ ਬਾਜ਼ਾਰ ਵੱਖ-ਵੱਖ ਸਮੇਂ ਖੁੱਲ੍ਹਦੇ ਹਨ।
ਕੋਰੋਨਾ ਦੇ ਨਾਲ ਪੰਜਾਬ 'ਚ ਬਲੈਕ ਫੰਗਸ ਦਾ ਖਤਰਾ
ਕੋਰੋਨਾ ਦਾ ਕਹਿਰ ਅਜੇ ਮੁਕਿਆ ਨਹੀਂ ਕਿ ਇੱਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਵਿੱਚ ਹੁਣ ਬਲੈਕ ਫੰਗਸ ਦੇ ਮਰੀਜ਼ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਹੁਣ ਤੱਕ 27 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 7 ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ 27 ਵਿੱਚੋਂ 26 ਕੇਸ ਲੁਧਿਆਣਾ ਵਿੱਚ ਮਿਲ ਰਹੇ ਹਨ ਤੇ ਇੱਕ ਕੇਸ ਬਠਿੰਡਾ ਤੋਂ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ 80 ਫੀਸਦ ਤਕ ਕੇਸ ਤਾਂ ਐਸੇ ਹਨ, ਜੋ ਦੇਰੀ ਨਾਲ ਪਹੁੰਚੇ ਹਨ ਤੇ ਜਿਨ੍ਹਾਂ ਨੂੰ ਅਪਰੇਸ਼ਨ ਦੀ ਲੋੜ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾ ਮਰੀਜ਼ ਦਿਹਾਤੀ ਖੇਤਰ ਵਿੱਚੋਂ ਆ ਰਹੇ ਹਨ।
ਕਈ ਕੇਸਾਂ ਵਿੱਚ ਮਰੀਜ਼ਾਂ ਦੀਆਂ ਅੱਖਾਂ ਤੇ ਜਬਾੜੇ ਦਾ ਉਪਰੀ ਹਿੱਸਾ ਤਕ ਕੱਢਣਾ ਪੈ ਰਿਹਾ ਹੈ। ਡਾਕਟਰਾਂ ਮੁਤਾਬਕ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਗੰਭੀਰ ਸਮੱਸਿਆ ਬਣ ਜਾਏਗੀ। ਇਸ ਦੇ ਲੱਛਣ ਸਿਰ ਦਰਦ, ਨੱਕ ਵਿੱਚ ਰੇਸ਼ਾ ਆਉਣਾ, ਗਲੇ ਵਿੱਚ ਦਰਦ ਹੋਣਾ, ਅੱਖਾਂ ਵਿੱਚ ਦਰਦ ਤੇ ਸੋਜ ਆਉਣਾ। ਐਸੇ ਵਿੱਚ ਕਈ ਵਾਰ ਲੋਕ ਇਨ੍ਹਾਂ ਸ਼ੁਰੂਆਤੀ ਲੱਛਣਾ ਨੂੰ ਅਨਦੇਖਿਆ ਕਰ ਦਿੱਤਾ ਹੈ।
ਇਸ ਕਾਰਨ ਅਜਿਹੇ ਵੀ ਮਰੀਜ਼ ਪਹੁੰਚੇ ਹਨ ਜਿਨ੍ਹਾਂ ਦੀ ਪੂਰੀ ਅੱਖ ਤੇ ਜਬੜੇ ਦਾ ਉੱਪਰੀ ਹਿੱਸਾ ਤਕ ਕੱਢਣਾ ਪੈ ਗਿਆ ਹੈ। ਉੱਥੇ ਹੀ ਜੇਕਰ ਹੋਰ ਵੀ ਦੇਰੀ ਕੀਤੀ ਜਾਏ ਤਾਂ ਦਿਮਾਗ ਤਕ ਇਹ ਪਹੁੰਚ ਜਾਂਦਾ ਹੈ। ਲੁਧਿਆਣਾ ਦੇ ਸੀਐਸਸੀ ਹਸਪਤਾਲ ਵਿੱਚ ਦਾਖਲ ਇੱਕ ਮਰੀਜ਼, ਜਿਸ ਦੇ ਦਿਮਾਗ ਵਿੱਚ ਇਹ ਫੰਗਸ ਪਹੁੰਚ ਗਈ ਹੈ। ਉਸ ਦਾ ਇਲਾਜ ਵੀ ਚੱਲ ਰਿਹਾ ਹੈ।
ਡੀਐਮਸੀ ਦੇ ਈਐਨਟੀ ਵਿਭਾਗ ਦੇ ਡਾਕਟਰਾਂ ਮੁਤਾਬਕ ਫੰਗਸ ਜਿਥੇ ਹਮਲਾ ਕਰਦੀ ਹੈ, ਉੱਥੇ ਹੀ ਖੂਨ ਦੀ ਸਪਲਾਈ ਖ਼ਤਮ ਕਰਦੀ ਹੈ। ਨੱਕ ਤੋਂ ਸ਼ੁਰੂ ਹੋ ਕੇ, ਇਹ ਅੱਖ ਦੇ ਪਿਛਲੇ ਹਿੱਸੇ ਤੇ ਹਮਲਾ ਕਰਦਾ ਹੈ। ਇਸ ਦੇ ਨਾਲ ਨਜ਼ਰ ਘੱਟ ਜਾਂਦੀ ਹੈ। ਜੇ ਇਹ ਦਿਮਾਗ ਵਿਚ ਪਹੁੰਚ ਜਾਂਦਾ ਹੈ, ਤਾਂ ਕੰਮ ਕਰਨ ਦੀ ਸ਼ੈਲੀ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇ ਇਹ ਗਲੇ ਰਾਹੀਂ ਨੱਕ ਤੋਂ ਫੇਫੜਿਆਂ ਵਿੱਚ ਪਹੁੰਚ ਦੀ ਹੈ ਤਾਂ ਖੰਘ ਵਿਚ ਖੂਨ ਨਿਕਲਦਾ ਹੈ। ਇਸ ਤੋਂ ਬਚਣ ਲਈ, ਸਿਰਫ ਡਾਕਟਰ ਦੀ ਸਲਾਹ 'ਤੇ ਹੀ ਸਟੀਰੌਇਡਸ ਲੈਣਾ ਜ਼ਰੂਰੀ ਹੈ।