ਰੌਬਟ ਦੀ ਰਿਪੋਰਟ
ਚੰਡੀਗੜ੍ਹ: ਜਗਰਾਓਂ ਦੀ ਦਾਣਾ ਮੰਡੀ 'ਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਇੱਕ ਹੋਰ ਮੁਲਾਜ਼ਮ ਦੀ ਮਸਾਂ ਹੀ ਜਾਨ ਬਚੀ। ਦਰਅਸਲ ਇਹ ਤਿੰਨੇ ਮੁਲਾਜ਼ਮ ਸੀਆਈਏ ਸਟਾਫ ਦੇ ਸੀ ਤੇ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸੀ। ਹੁਣ ਇਸ ਕੇਸ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਲੁਧਿਆਣਾ ਦਿਹਾਤੀ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ।
ਮੁਲਜ਼ਮਾਂ ਦੀ ਪਛਾਣ ਜੈਪਾਲ ਭੁੱਲਰ ਵਾਸੀ ਦਸ਼ਮੇਸ਼ ਨਗਰ, ਫਿਰੋਜ਼ਪੁਰ, ਬਲਜਿੰਦਰ ਸਿੰਘ ਉਰਫ ਬੱਬੀ ਵਾਸੀ ਵੀਪੀਓ ਮਹੱਲਾ ਖੁਰਦ ਮੋਗਾ, ਜਸਪ੍ਰੀਤ ਸਿੰਘ ਵਾਸੀ ਸੈਕਟਰ 14, ਸਿਵਲ ਹਸਪਤਾਲ ਰੋਡ, ਖਰੜ ਤੇ ਦਰਸ਼ਨ ਸਿੰਘ ਵਾਸੀ ਪਿੰਡ ਸਾਹੌਲੀ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ IPC ਦੀ ਧਾਰਾ 302,307, 353, 186, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਪੁਲਿਸ ਮੁਲਾਜ਼ਮ ਇੱਕ ਟੈਂਕਰ ਦੀ ਤਲਾਸ਼ੀ ਲੈ ਰਹੇ ਸੀ ਕਿ ਅਚਾਨਕ ਇੱਕ i20 ਕਾਰ ਆਈ ਤੇ ਕਾਰ ਸਵਾਰਾਂ ਨੇ ਇਨ੍ਹਾਂ ਮੁਲਾਜ਼ਮਾਂ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਥਾਣੇਦਾਰ ਭਗਵਾਨ ਸਿੰਘ ਤੇ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦਕਿ ਤੀਸਰਾ ਮੁਲਾਜ਼ਮ ਬਚ ਗਿਆ। ਮੌਕੇ ਤੋਂ ਕਾਰ ਸਵਾਰ ਆਪਣੇ ਸਾਥੀਆਂ ਸਮੇਤ ਟੈਂਕਰ ਲੈ ਕੇ ਫਰਾਰ ਹੋ ਗਿਆ ਸੀ।