ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦਾ ਅੰਦਰਨੀ ਕਲੇਸ਼ ਸਿਖਰ 'ਤੇ ਹੈ ਪਰ ਅੱਜ ਚੰਡੀਗੜ੍ਹ ਪਹੁੰਚੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦੇ ਹੱਲ ਬਾਰੇ ਕੋਈ ਚਰਚਾ ਨਹੀਂ ਕੀਤੀ। ਉਲਟਾ ਕੇਜਰੀਵਾਲ ਕਿਹਾ ਕਿ ਉਨ੍ਹਾਂ ਦੀ ਸਿਆਸਤ ਸੁਖਪਾਲ ਖਹਿਰਾ ਨਹੀਂ ਸਗੋਂ ਉਹ ਤਾਂ ਪੂਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਸਿਆਸਤ ਕਰ ਰਹੇ ਹਨ। ਦਿਲਚਸਪ ਗੱਲ਼ ਹੈ ਕਿ ਕੇਜਰੀਵਾਲ ਅੱਜ ਪੰਜਾਬ ਦੀ ਬਜਾਏ ਗੁਆਂਢੀ ਸੂਬੇ ਹਰਿਆਣਾ ਬਾਰੇ ਹੀ ਗੱਲ ਕਰਦੇ ਨਜ਼ਰ ਆਏ।


ਕੇਜਰੀਵਾਲ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਸੁਖਪਾਲ ਖਹਿਰਾ ਧੜੇ ਨੂੰ ਮਨਾਉਣ ਲਈ ਉਨ੍ਹਾਂ ਵੱਲੋਂ ਕੋਈ ਚਾਰਾਜੋਈ ਨਹੀਂ ਕੀਤੀ ਜਾਵੇਗੀ। ਉਧਰ, ਖਹਿਰਾ ਨੇ ਅੱਠ ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਜੇਕਰ ਕੋਈ ਗੱਲ਼ ਸਿਰੇ ਨਾ ਲੱਗੀ ਤਾਂ ਉਹ ਆਪਣੀ ਵੱਖਰੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਖਹਿਰਾ ਦੀ ਮੰਗ ਹੈ ਕਿ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਤੇ ਲੋਕ ਸਭਾ ਚੋਣਾਂ ਲਈ ਜਾਰੀ ਪੰਜ ਉਮੀਦਵਾਰਾਂ ਦੀ ਸੂਚੀ ਵਾਪਸ ਲਈ ਜਾਵੇ।

ਦੂਜੇ ਪਾਸੇ ਕੇਜਰੀਵਾਲ ਦੇ ਰਵੱਈਏ ਤੇ ਭਗਵੰਤ ਮਾਨ ਧੜੇ ਦੀਆਂ ਕਾਰਵਾਈਆਂ ਤੋਂ ਸਪਸ਼ਟ ਹੈ ਕਿ ਹੁਣ ਉਹ ਖਹਿਰਾ ਧੜੇ ਦੀ ਕੋਈ ਗੱਲ਼ ਮੰਨਣ ਲਈ ਰਾਜ਼ੀ ਨਹੀਂ। ਇਸ ਲਈ ਤੈਅ ਹੈ ਕਿ ਖਹਿਰਾ ਧੜਾ ਹੁਣ ਆਪਣੇ ਵੱਖਰੇ ਰਾਹ ਹੀ ਚੱਲੇਗਾ। ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਈ ਧਿਰਾਂ ਤੇ ਲੀਡਰਾਂ ਨਾਲ ਗੱਲ਼ਬਾਤ ਚੱਲ ਰਹੀ ਹੈ ਤੇ ਸਮਾਂ ਆਉਣ 'ਤੇ ਉਹ ਪੱਤੇ ਖੋਲ੍ਹਣਗੇ। ਖਹਿਰਾ ਦੇ ਪੱਤਿਆਂ ਵਿੱਚੋਂ ਚਾਹੇ ਜੋ ਵੀ ਨਿਕਲੇ ਪਰ ਹੁਣ ਆਮ ਆਦਮੀ ਪਾਰਟੀ ਦੇ ਦੋ ਟੋਟੇ ਹੋਣੇ ਤੈਅ ਹਨ।