ਨਵੀਂ ਦਿੱਲੀ: ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਤੜਿੰਗ ਹੋਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੁਲਾਕਾਤ ਦੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ। ਜਿਹੜੇ ਜੀਕੇ ਹੁਣ ਤਕ ਗਰਮਖ਼ਿਆਲੀਆਂ ਉਤੇ ਸਵਾਲ ਚੁੱਕਦੇ ਆਏ ਹਨ, ਅਮਰੀਕਾ ਦੌਰੇ ਤੋਂ ਬਾਅਦ ਉਹ ਮਾਨ ਜਿਹੇ ਖ਼ਾਲਿਸਤਾਨੀ ਸਮਰਥਕਾਂ ਨਾਲ ਖ਼ਾਸੀ ਨੇੜਤਾ ਵਿਖਾ ਰਹੇ ਹਨ।
ਇਹ ਮੁਲਾਕਾਤ ਉਸ ਸਮੇਂ ਹੋਈ ਹੈ, ਜਦੋਂ ਜੀਕੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਖਾਂ ਵਿਖਾਈਆਂ ਜਾ ਰਹੀਆਂ ਹਨ। ਉਹ ਬਰਗਾੜੀ ਗੋਲੀ ਕਾਂਡ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਨੂੰ ਗਲਤ ਠਹਿਰਾ ਰਹੇ ਹਨ। ਦੂਜੇ ਪਾਸੇ ਵਿਦੇਸ਼ਾਂ ਵਿੱਚ ਗਰਮਖਿਆਲੀਆਂ ਦੇ ਵਿਰੋਧ ਤੇ ਕੁੱਟਮਾਰ ਦਾ ਸ਼ਿਕਾਰ ਹੋਏ ਜੀਕੇ ਦੀ ਮਾਨ ਨੂੰ ਜੱਫੀ ਦੇ ਕਈ ਅਰਥ ਕੱਢੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਮਾਨ ਨੇ ਜੀਕੇ ਨੂੰ ਬਰਗਾੜੀ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਜੀਕੇ ਨੇ ਪ੍ਰਵਾਨ ਕਰ ਲਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਵੱਡੀ ਸੱਟ ਵੱਜੇਗੀ, ਕਿਉਂਕਿ ਹਾਲੇ ਤਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਬਰਗਾੜੀ ਮੋਰਚੇ 'ਤੇ ਨਹੀਂ ਪਹੁੰਚਿਆ।
ਅਕਾਲੀ ਦਲ ਬਾਦਲ ਵਿੱਚ ਇਸ ਸਮੇਂ ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਵੀ ਬਾਗ਼ੀ ਸੁਰਾਂ ਉੱਠੀਆਂ ਹੋਈਆਂ ਹਨ। ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਇੱਕ-ਦੂਜੇ ਦੇ ਆਹਮੋ ਸਾਹਮਣੇ ਹਨ। ਅਜਿਹੇ ਹਾਲਾਤ ਵਿੱਚ ਖ਼ਾਲਿਸਤਾਨੀ ਸਮਰਥਕ ਸਿਮਰਨਜੀਤ ਮਾਨ ਨੂੰ ਜੀਕੇ ਵੱਲੋਂ ਸਨਮਾਨਿਤ ਕਰਨਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਜੱਫੀ ਜੀਕੇ ਦਾ ਸਿਆਸੀ ਪੈਂਤੜਾ ਹੈ ਜਾਂ 'ਪੰਥਕ ਦਰਦ' ਕਾਰਨ ਉਨ੍ਹਾਂ ਵਿੱਚ ਵਿਚਾਰਧਾਰਕ ਤਬਦੀਲੀਆਂ ਆ ਰਹੀਆਂ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।