ਮੀਡੀਆ ’ਚ ਸੁਰਖੀਆਂ ਮਗਰੋਂ ਜਾਗੀ ਸਰਕਾਰ, ਇਰਾਕ ਪੀੜਤਾਂ ਦੇ ਵਾਰਸਾਂ ਨੂੰ ਨੌਕਰੀ
ਏਬੀਪੀ ਸਾਂਝਾ | 31 Oct 2018 07:29 PM (IST)
ਚੰਡੀਗੜ੍ਹ: ਪਿਛਲੇ ਦਿਨੀਂ ਮੀਡੀਆ ਵਿੱਚ ਖਬਰਾਂ ਆਈਆਂ ਕਿ ਇਰਾਕ ਦੇ ਮੋਸੁਲ ਵਿੱਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਅਣਦੇਖਿਆਂ ਕੀਤਾ ਜਾ ਰਿਹਾ ਹੈ। ਇਸਦੇ ਬਾਅਦ ਤੁਰੰਤ ਐਕਸ਼ਨ ਲੈਂਦਿਆਂ ਜਲੰਧਰ ਪ੍ਰਸ਼ਾਸਨ ਨੇ ਜਲੰਧਰ ਦੇ 6 ਪੀੜਤ ਪਰਿਵਾਰਾਂ ਵਿੱਚੋਂ 4 ਨੂੰ ਨੌਕਰੀ ਦੇ ਦਿੱਤੀ ਹੈ। ਇਰਾਕ ਵਿੱਚ ਮਾਰੇ ਗਏ ਨਕੋਦਰ ਦੇ ਪਿੰਡ ਬਾਠ ਕਲ੍ਹਾਂ ਦੇ ਰੂਪ ਲਾਲ ਦੀ ਪਤਨੀ ਕਮਲਜੀਤ ਕੌਰ, ਪਿੰਡ ਖਾਣਕੇ ਦੇ ਕੁਲਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ, ਫਿਲੌਰ ਦੇ ਪਿੰਡ ਚੱਕ ਦੇਸਰਾਜ ਦੇ ਦਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਤੇ ਨਕੋਦਰ ਦੇ ਪਿੰਡ ਆਲੇਵਾਲ ਦੇ ਸੰਦੀਪ ਦੀ ਭੈਣ ਵੀਨਾ ਨੂੰ ਨੌਕਰੀ ਦਿੱਤੀ ਗਈ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਅੱਜ ਚਾਰ ਪਰਿਵਾਰਾਂ ਦੇ ਨਿਯੁਕਤੀ ਪੱਤਰ 'ਤੇ ਹਸਤਾਖ਼ਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਕੁੱਲ ਛੇ ਪੀੜਤ ਪਰਿਵਾਰਾਂ ਵਿੱਚੋਂ ਇੱਕ ਪੀੜਤ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਨੂੰ ਨਹੀਂ ਮਿਲਿਆ ਤੇ ਇੱਕ ਹੋਰ ਪਰਿਵਾਰ ਦੇ ਕਾਗਜ਼ਾਤ ਵਿੱਚ ਕੁਝ ਕਮੀਆਂ ਹਨ। ਇਸ ਲਈ ਫਿਲਹਾਲ ਚਾਰ ਪੀੜਤ ਪਰਿਵਾਰਾਂ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਦਰਜਾ ਚਾਰ ਦੀ ਨੌਕਰੀ ਦੇ ਦਿੱਤੀ ਗਈ ਹੈ। ਜਿਵੇਂ ਹੀ ਬਾਕੀ ਪਰਿਵਾਰ ਦੇ ਕਾਗਜ਼ ਪੂਰੇ ਹੋ ਜਾਣਗੇ, ਉਸਨੂੰ ਵੀ ਨੌਕਰੀ ਦੇ ਦਿੱਤੀ ਜਾਵੇਗੀ।