ਪਟਿਆਲਾ: ਵੀਰਾਨ ਪਏ ਘਰ ਵਿੱਚ ਹੀ ਨਕਲੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਸੀ। ਇੱਥੇ ਵੱਡੇ ਪੱਧਰ 'ਤੇ ਨਕਲੀ ਸ਼ਰਾਬ ਬਣਾ ਕੇ ਸਪਲਾਈ ਹੋ ਰਹੀ ਸੀ। ਪੁਲਿਸ ਨੇ ਦਾਆਵਾ ਕੀਤਾ ਹੈ ਕਿ ਪਟਿਆਲਾ ਦੇ ਕਸਬਾ ਘੱਗਾ ਨੇੜਲੇ ਪਿੰਡ ਦੇਧਨਾ ਦੇ ਖੇਤਾਂ ਵਿਚਲੇ ਵੀਰਾਨ ਡੇਰੇ ਵਿੱਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਚੱਲ਼ ਰਹੀ ਸੀ।
ਪੁਲਿਸ ਨੇ ਵੱਡੀ ਮਾਤਰਾ ’ਚ ਜਾਅਲੀ ਸ਼ਰਾਬ ਦੀ ਖੇਪ ਸਮੇਤ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ ਦੇ ਢੱਕਣ, ਦੋ ਡਰੰਮ, ਕੱਚ ਦੀ ਸੁਰਾਹੀ, ਖਾਲੀ ਬੋਤਲਾਂ, ਮੋਟਾ ਸੰਤਰਾ ਗੋਲਡ ਦਾ ਜਾਅਲੀ ਮਾਰਕਾ ਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ।
ਪੁਲਿਸ ਮੁਤਾਬਕ ਅਮਰੀਕ ਸਿੰਘ ਨਾਮੀ ਕਿਸਾਨ ਦੇ ਖੇਤਾਂ ’ਚ ਛਾਪਾ ਮਾਰਿਆ ਤਾਂ ਇੱਥੋਂ 91 ਪੇਟੀਆਂ (1092 ਬੋਤਲਾਂ) ਦੇਸੀ ਸ਼ਰਾਬ, 9800 ਖਾਲੀ ਬੋਤਲਾਂ, ਬਿਨਾਂ ਮਾਰਕਾ ਦੇ ਭਰੇ 98 ਬੈਗ, ਜਾਅਲੀ ਮਾਰਕਾ ਚੱਢਾ ਸ਼ੂਗਰ ਇੰਡਸਟਰੀ ਪ੍ਰਾਈਵੇਟ ਲਿਮਟਿਡ ਯੂਨਿਟ ਕੀੜੀ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ ਦੋ ਡਰੰਮ ਬਰਾਮਦ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਦੀਵਾਲੀ ਨੇੜੇ ਸ਼ਰਾਬ ਦੀ ਖਪਤ ਵਧ ਜਾਂਦੀ ਹੈ ਜਿਸ ਲਈ ਅਜਿਹੇ ਅਨਸਰ ਲੋਕਾਂ ਨੂੰ ਸਸਤੀ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਨ ਲੱਗਦੇ ਹਨ। ਇਸ ਫੈਕਟਰੀ ਵਿੱਚੋਂ ਬਰਾਮਦ ਹੋਏ ਕੈਮੀਕਲ ਦੀ ਵੀ ਜਾਂਚ ਕਰਵਾਈ ਜਾਵੇਗੀ ਤੇ ਇਸ ਮੁਤੱਲਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।