ਫ਼ਰੀਦਕੋਟ: ਜ਼ਿਲ੍ਹੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਨਕਲੀ ਘਿਓ ਦਾ ਕਾਰੋਬਾਰ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਕਲੀ ਦੇਸੀ ਘਿਓ ਬਣਾਉਣ ਲਈ ਵੱਡੀ ਮਾਤਰਾ ਵਿੱਚ ਕੱਚੇ ਮਾਲ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰੋਹ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਿਆਂ ਨੂੰ ਵੀ ਕਰਦੇ ਸਨ ਨਕਲੀ ਦੇਸੀ ਘਿਓ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਪਨੀਰ, ਨਕਲੀ ਦੁੱਧ, ਦਹੀਂ ਤੇ ਮਿਲਕ ਪਾਊਡਰ ਬਣਾ ਕੇ ਪੰਜਾਬ ਤੇ ਹੋਰ ਰਾਜਾਂ ਵਿੱਚ ਵੀ ਸਪਲਾਈ ਕੀਤਾ ਜਾਂਦਾ ਸੀ।
ਫ਼ਰੀਦਕੋਟ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਤੇ ਸਿਹਤ ਵਿਭਾਗ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਰਾਇਣ ਐਗਰੋ ਫੂਡ ਲੀਮੀਟਿਡ ਦੇ ਦੋ ਮਾਲਕਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਕੋਟਕਪੂਰਾ ਦੇ ਸੁਖਦੇਵ ਸਿੰਘ ਤੇ ਵਿਸ਼ਾਲ ਗੋਇਲ ਅਤੇ ਲਹਿਰਾਗਾਗਾ ਦੇ ਵਿਜੇ ਕੁਮਾਰ ਤੇ ਕੁਲਵੰਤ ਰਾਏ ਵਜੋਂ ਹੋਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸੱਤ ਟਨ ਕਿੱਲੋ ਨਕਲੀ ਘਿਓ, ਦੁੱਧ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਫ਼ਰੀਦਕੋਟ ਵਿੱਚ ਛਾਪੇਮਾਰੀ ਦੌਰਾਨ ਨਕਲੀ ਦੇਸੀ ਘਿਓ ਤਿਆਰ ਕਰਨ ਲਈ ਚੀਨ ਤੋਂ ਮੰਗਵਾਇਆ ਜਾਂਦਾ ਵਿਸ਼ੇਸ਼ ਕੈਮੀਕਲ, ਡਾਲਡਾ ਤੇਲ ਤੇ ਹੋਰ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਅਤੇ ਧੋਖਾਧੜੀ ਤੇ ਅਪਰਾਧਿਕ ਗਤੀਵਿਧੀਆਂ ਸਬੰਧਤ ਧਾਰਾਵਾਂ ਅਧੀਨ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਤਿਓਹਾਰਾਂ ਦੀ ਰੁੱਤ ਵਿੱਚ ਦੁੱਧ ਅਤੇ ਇਸ ਤੋਂ ਤਿਆਰ ਚੀਜ਼ਾਂ ਦੀ ਮੰਗ ਵਧਣ ਕਾਰਨ ਨਕਲੀ ਦੁੱਧ ਤੇ ਘਿਓ ਦਾ ਕਾਲਾ ਧੰਦਾ ਕਾਫੀ ਵਧ ਜਾਂਦਾ ਹੈ।