ਚੰਡੀਗੜ੍ਹ: ਜਿਵੇਂ-ਜਿਵੇਂ ਮੌਸਮ ਬਦਲ ਰਿਹਾ ਹੈ, ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੋ ਹਫ਼ਤੇ ਪਹਿਲਾਂ, ਇਕੱਲੇ ਦਿੱਲੀ ਵਿੱਚ ਹੀ ਡੇਂਗੂ ਦੇ 830 ਮਾਮਲੇ ਦਰਜ ਕੀਤੇ ਗਏ ਸਨ। ਕੁਝ ਸਮਾਂ ਪਹਿਲਾਂ ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਇੱਕ ਨਵੀਂ ਕਿਸਮ ਦਾ ਡੇਂਗੂ ਸਾਹਮਣੇ ਆਇਆ ਹੈ ਜੋ ਬਿਨ੍ਹਾਂ ਬੁਖ਼ਾਰ ਦੇ ਵੀ ਹੋ ਜਾਂਦਾ ਹੈ।

ਡਾਕਟਰਾਂ ਨੇ ਇੱਕ ਕੇਸ ਸਟੱਡੀ ਕੀਤੀ ਹੈ ਜਿਸ ਮੁਤਾਬਕ ਕੁਝ ਅਸਾਧਾਰਨ ਕੇਸ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਡੇਂਗੂ ਦੇ ਸ਼ਿਕਾਰ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ। ਡੇਂਗੂ ਦੇ ਮਰੀਜ਼ ਜ਼ਿਆਦਾਤਰ ਦਿਨ ਵਿੱਚ ਕੱਟਦੇ ਹਨ। ਡੇਂਗੂ ਹੋਣ ’ਤੇ ਲੱਛਣਾਂ ਵਿੱਚ ਤੇਜ਼ ਠੰਢ ਲੱਗਣਾ ਤੇ ਬੁਖ਼ਾਰ ਹੋਣਾ, ਕਮਰ ਤੇ ਸਿਰ ਵਿੱਚ ਤੇਜ਼ ਦਰਦ ਹੋਣਾ, ਖਾਂਸੀ ਤੇ ਗਲੇ ’ਚ ਦਰਦ, ਸਰੀਰ ’ਤੇ ਲਾਲ ਦਾਣੇ ਦਿਖਾਈ ਦੇਣਾ ਤੇ ਉਲਟੀ ਵਰਗੀਆਂ ਚੀਜ਼ਾਂ ਹੁੰਦੀਆਂ ਹਨ।

ਕੀ ਹੁੰਦਾ ਹੈ ਡੇਂਗੂ

ਡੇਂਗੂ ਇੱਕ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਜੋ ਏਡੀਜ਼ ਨਾਂ ਦੇ ਮੱਛਰ ਦੀਆਂ ਨਸਲਾਂ ਦੇ ਕੱਟਣ ਕਾਰਨ ਹੁੰਦੀ ਹੈ। ਇਸ ਮੱਛਰ ਦੇ ਕੱਟਣ ਨਾਲ ਮਰੀਜ਼ ਦੇ ਸਰੀਰ ਵਿੱਚ ਤੇਜ਼ ਬੁਖ਼ਾਰ ਤੇ ਸਿਰ ਦਰਦ ਹੁੰਦਾ ਹੈ। ਡੇਂਗੂ ਦੇ ਮਰੀਜ਼ ਦੇ ਸਰੀਰ ਵਿੱਚ ਪਲੇਟਲੈੱਟਸ ਦੀ ਗਿਣਤੀ ਤੇਜ਼ੀ ਨਾਲ ਘਟਦੀ ਹੈ ਜਿਸ ਨਾਲ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਡੇਂਗੂ ਦੇ ਮੱਛਰ ਹਮੇਸ਼ਾ ਸਾਫ ਪਾਣੀ ਵਿੱਚ ਵਧਦੇ ਹਨ, ਜਿਵੇਂ ਪਾਣੀ ਦੀ ਟੈਂਕੀ, ਕੂਲਰ ਦਾ ਪਾਣੀ ਆਦਿ। ਮਲੇਰੀਆ ਦੇ ਮੱਛਕ ਗੰਦੇ ਪਾਣੀ ਵਿੱਚ ਪਣਪਦੇ ਹਨ। ਡੇਂਗੂ ਦੇ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦੇ ਹਨ। ਇਹ ਬਿਮਾਰੀ ਗਰਮੀ ਦੇ ਬਾਰਸ਼ਾਂ ਦੇ ਮੌਸਮ ਵਿੱਚ ਜ਼ਿਆਦਾ ਫੈਲਦੀ ਹੈ।

ਡੇਂਗੂ ਤੋਂ ਬਚਣ ਲਈ ਕੁਝ ਨੁਕਤੇ

  • ਪਾਣੀ ਜਮ੍ਹਾ ਨਾ ਹੋਣ ਦਿਉ। ਬਾਲਟੀਆਂ ਵਿੱਚ ਰੱਖੇ ਪਾਣੀ ਨੂੰ ਇੱਕ ਜਾਂ ਦੋ ਦਿਨਾਂ ਬਾਅਦ ਬਦਲਦੇ ਰਹੋ।

  • ਜ਼ਿਆਦਾ ਦਿਨਾਂ ਤਕ ਬੁਖ਼ਾਰ ਰਹੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

  • ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ। ਘਰ ਵਿੱਚ ਕੀਟਨਾਸ਼ਕਾਂ ਨੂੰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰੋ।

  • ਕੂੜੇਦਾਨ ਵਿੱਚ ਕੂੜਾ ਇਕੱਠਾ ਨਾ ਹੋਣ ਦਿਉ।

  • ਖਾਣੇ ਵਿੱਚ ‘ਵਿਟਾਮਿਨ ਸੀ’ ਭਰਪੂਰ ਚੀਜ਼ਾਂ ਜਿਵੇਂ ਟਮਾਟਰ, ਆਂਵਲਾ, ਨਿੰਬੂ ਆਦਿ ਲਉ।

  • ਖਾਣੇ ਵਿੱਚ ਹਲਦੀ ਦਾ ਇਸਤੇਮਾਲ ਕਰੋ। ਇਸਦਾ ਐਂਟੀਬਾਇਓਟਿਕ ਤੱਤ ਤੁਹਾਨੂੰ ਮਜ਼ਬੂਤ ਬਣਾਏਗਾ।

  • ਤੁਲਸੀ ਨੂੰ ਪਾਣੀ ਵਿੱਚ ਉਬਾਲ ਕੇ ਉਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਹੈ।

  • ਪਪੀਤੇ ਦੇ ਪੱਤਿਆਂ ਵਿੱਚ ਕਾਫੀ ਮਾਤਰਾ ਵਿੱਚ ਪਲੇਟਲੈੱਟਸ ਹੁੰਦੇ ਹਨ। ਇਸਦਾ ਰਸ ਪੀਣ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਹੈ।

  • ਅਨਾਰ ਵਿੱਚ ਭਰਪੂਰ ਮਾਤਰਾ ਵਿੱਚ ਫੋਲਿਕ ਐਸਿਡ ਤੇ ਐਂਟੀ ਆਕਸੀਡੈਂਟ ਹੁੰਦੇ ਹਨ। ਇਹ ਲਾਲ ਰਕਤ ਕਣਾਂ ਦੇ ਨਿਰਮਾਣ ਵਿੱਚ ਸਹਾਈ ਹੁੰਦੇ ਹਨ।

  • ਮੇਥੀ ਦੇ ਪੱਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢ ਦਿੰਦੇ ਹਨ। ਇਸਦਾ ਇਸਤੇਮਾਲ ਕਾਫੀ ਫਾਇਦੇਮੰਦ ਹੁੰਦਾ ਹੈ।

  • ਬੱਕਰੀ ਦਾ ਦੁੱਧ ਡੇਂਗੂ ਦੀ ਬਿਮਾਰੀ ਦੀ ਸਭਤੋਂ ਉਪਯੁਕਤ ਇਲਾਜ ਮੰਨਿਆ ਜਾਂਦਾ ਹੈ।

  • ਕਣਕ ਦੇ ਭੁੱਠੇ ਦਾ ਰਸ ਪੀਣ ਨਾਲ ਵੀ ਖੂਨ ਵਿੱਚ ਤੇਜ਼ੀ ਨਾਲ ਪਲੇਟਲੈਟਸ ਦਾ ਨਿਰਮਾਣ ਹੁੰਦਾ ਹੈ।

  • ਹਰਬਲ ਟੀ ਵੀ ਡੇਂਗੂ ਨਾਲ ਲੜਨ ਵਿੱਚ ਕਾਫੀ ਮਦਦ ਕਰਦੀ ਹੈ।


ਨੋਟ- ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਲੋੜ ਮੁਤਾਬਕ ਹੀ ਕਰੋ। ਡਾਕਟਰ ਦੀ ਸਲਾਹ ਜ਼ਰੂਰ ਲਉ।