ਜਲੰਧਰ: ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਦੀ ਜਾਂਚ ਕਰਨ ਗਏ ਬਿਲਡਿੰਗ ਇੰਸਪੈਕਟਰ ਨਾਲ ਰਿਸ਼ਵਤ ਦਾ ਇਲਜ਼ਾਮ ਲਾ ਕੇ ਕੁੱਟਮਾਰ ਕਰਨ ਵਾਲੇ ਮੇਅਰ ਦੀ ਗ੍ਰਿਫ਼ਤਾਰੀ ਦੀ ਮੰਗ ਜ਼ੋਰ ਫੜਨ ਲੱਗੀ ਹੈ। ਮੇਅਰ ਦੀ ਗ੍ਰਿਫ਼ਤਾਰੀ ਲਈ ਬੁੱਧਵਾਰ ਨੂੰ ਸਾਰਾ ਦਿਨ ਜਲੰਧਰ ਨਗਰ ਨਿਗਮ ਵਿੱਚ ਕੰਮਕਾਜ ਠੱਪ ਰਿਹਾ। ਬੁੱਧਵਾਰ ਸਵੇਰ ਤੋਂ ਹੀ ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਅਫ਼ਸਰ ਇਕੱਠੇ ਹੋਏ ਤੇ ਸਾਬਕਾ ਮੇਅਰ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਿੱਚ ਕੰਮਕਾਜ ਬੰਦ ਰੱਖਿਆ।

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਜਦ ਮੁਹੱਲਾ ਸ਼ਿਵਰਾਜਗੜ੍ਹ ਵਿੱਚ ਹੋ ਰਹੀ ਮਕਾਨ ਦੀ ਉਸਾਰੀ ਦਾ ਜਾਇਜ਼ਾ ਲੈਣ ਗਏ ਸੀ ਤਾਂ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਤੇ ਉਸਾਰੀ ਕਰਵਾਉਣ ਵਾਲੇ ਮਕਾਨ ਮਾਲਕ ਸੁਲਕਸ਼ਨ ਨੇ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਗਿਆ ਤੇ ਬਿਲਡਿੰਗ ਇੰਸਪੈਕਟਰ ਦੀ ਸ਼ਿਕਾਇਤ 'ਤੇ ਜਲੰਧਰ ਪੁਲਿਸ ਨੇ ਸਾਬਕਾ ਮੇਅਰ ਤੇ ਤਿੰਨ ਹੋਰ ਬੰਦਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਸਾਬਕਾ ਮੇਅਰ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਅੱਜ ਹੜਤਾਲ ਰਹੀ।
ਇਹ ਵੀ ਪੜ੍ਹੋ: ਸਿੱਧੂ ਦੇ ਅਫ਼ਸਰ ਦਾ ਸੜਕ 'ਤੇ ਕੁਟਾਪਾ, ਰਿਸ਼ਵਤ ਮੰਗਣ ਦੇ ਇਲਜ਼ਾਮ

ਜਲੰਧਰ ਦੇ ਮੇਅਰ ਵੀ ਜਗਦੀਸ਼ ਰਾਜਾ ਨਿਗਮ ਦੀ ਹੜਤਾਲ ਨੂੰ ਸਹੀ ਦੱਸਦੇ ਹਨ ਤੇ ਕਹਿੰਦੇ ਹਨ ਕਿ ਇੰਸਪੈਕਟਰ ਨਾਲ ਕੁੱਟਮਾਰ ਗ਼ਲਤ ਹੈ। ਉਨ੍ਹਾਂ ਐਲਾਨ ਕੀਤਾ ਕਿ ਨਗਰ ਨਿਗਮ ਵੱਲੋਂ ਵੀ ਸਾਬਕਾ ਮੇਅਰ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਉਧਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ ਮੇਅਰ ਸੁਰੇਸ਼ ਸਹਿਗਲ ਰੂਪੋਸ਼ ਹੋ ਗਏ ਹਨ ਤੇ ਸਹਿਗਲ ਨੇ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਵੀ ਦਾਖ਼ਲ ਕਰ ਦਿੱਤੀ ਹੈ। ਸਾਬਕਾ ਮੇਅਰ ਦੀ ਜ਼ਮਾਨਤ ਅਰਜ਼ੀ 'ਤੇ ਪਹਿਲੀ ਨਵੰਬਰ ਨੂੰ ਸੁਣਵਾਈ ਹੋਣੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਮੇਅਰ ਨੂੰ ਕੋਰਟ ਤੋਂ ਜ਼ਮਾਨਤ ਮਿਲਦੀ ਹੈ ਜਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈਂਦਾ ਹੈ।