ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਆਪਣੇ ਮੰਤਰੀ ਵਿਜੇ ਸਿੰਗਲਾ (Health Minister Vijay Singla) ਨੂੰ ਕੈਬਨਿਟ ਦੇ ਅਹੁਦੇ ਤੋਂ ਬਰਖਾਸਤ ਕਰਨ 'ਤੇ ਕਾਂਗਰਸ ਨੇ ਤਿੱਖਾ ਨਿਸ਼ਾਨ ਸਾਧਿਆ ਹੈ। ਕਾਂਗਰਸ ਦੇ ਸੀਨੀਅਰ ਲੀਡਰ ਡਾ. ਰਾਜਕੁਮਾਰ ਵੇਰਕਾ ਨੇ ਦੋਸ਼ ਲਾਇਆ ਹੈ ਕਿ ਅਸਲ 'ਚ ਅਰਵਿੰਦ ਕੇਜਰੀਵਾਲ ਦੀਆਂ ਟੀਮਾਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ 'ਚ ਕਮਿਸ਼ਨ ਨੂੰ ਲੈ ਕੇ ਝਗੜਾ ਪੈ ਗਿਆ ਹੈ ਕਿ ਕਮਿਸ਼ਨ ਕੇਜਰੀਵਾਲ ਦੀ ਟੀਮ ਮੰਗੇ ਜਾਂ ਮੰਤਰੀ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਸਿਹਤ ਮੰਤਰੀ ਨੂੰ ਹਟਾਇਆ ਗਿਆ ਹੈ।


ਵੇਰਕਾ ਨੇ ਕੇਜਰੀਵਾਲ 'ਤੇ ਸਵਾਲ ਚੁੱਕਿਆ ਕਿ ਕੇਜਰੀਵਾਲ ਕਰੋੜਾਂ ਰੁਪਏ ਚੋਣਾਂ 'ਚ ਖਰਚ ਕਰਦੇ ਹਨ। ਉਹ ਦੱਸਣ ਕਿ ਇਹ ਪੈਸਾ ਕਿੱਥੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਛੋਟੀ ਮੱਛੀ ਨੂੰ ਹੱਥ ਪਿਆ। ਅਸਲ ਵਿੱਚ ਤਾਂ ਸਾਰਾ ਤਲਾਬ ਹੀ ਗੰਦਾ ਹੈ।


ਇਸ ਦੌਰਾਨ ਪੰਜਾਬੀ ਗਾਇਕ ਤੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਵਿਧਾਇਕ ਤੇ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਰਖਾਸਤਗੀ 'ਤੇ ਤੰਜ ਕੱਸਿਆ ਹੈ। ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪੋਸਟ ਕਰਦਿਆਂ ਲਿਖਿਆ ਬਾਬਾ ਕਹਿੰਦਾ ਸੀ ; ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ।


ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਆਪਣੇ ਮੰਤਰੀ ਵਿਜੇ ਸਿੰਗਲਾ (Health Minister Vijay Singla) ਨੂੰ ਕੈਬਨਿਟ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਠੋਸ ਸਬੂਤ ਮਿਲੇ ਹਨ।


ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਤੋਂ ਠੇਕੇ 'ਤੇ 1% ਕਮਿਸ਼ਨ ਦੀ ਮੰਗ ਕਰਨ ਵਾਲੇ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਕਾਰਵਾਈ ਹੋਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ 'ਤੇ ਸਖ਼ਤ ਐਕਸ਼ਨ ਲਿਆ ਹੈ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 1% ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਉਸ ਉਮੀਦ 'ਤੇ ਖਰਾ ਉਤਰਨਾ ਸਾਡਾ ਫਰਜ਼ ਹੈ। ਸਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਪਣੇ ਇੱਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ, ਅੱਜ ਦੇਸ਼ ਵਿੱਚ ਅਜਿਹਾ ਦੂਜੀ ਵਾਰ ਹੋ ਰਿਹਾ ਹੈ।


ਇਹ ਵੀ ਪੜ੍ਹੋ: Manjinder Singh Sirsa on Twitter: ਪੰਜਾਬ 'ਚ ਨਸ਼ੇ ਨਾਲ ਰੋਜ਼ਾਨਾਂ ਮੌਤਾਂ, ਰੋਂਦੀਆਂ ਮਾਂਵਾਂ ਤੇ ਇਹ ਲਾਚਾਰੀ ਦਾ ਮਾਹੌਲ! ਸੀਐਮ ਭਗਵੰਤ ਮਾਨ ਦੂਜੇ ਸੂਬਿਆਂ 'ਚ ਜਾ ਨਸ਼ਾ ਖ਼ਤਮ ਕਰਨ ਦਾ ਝੂਠ ਪੇਸ਼ ਕਰ ਰਹੇ, ਬੀਜੇਪੀ ਲੀਡਰ ਸਿਰਸਾ ਦਾ ਤਿੱਖਾ ਵਾਰ