ਬਠਿੰਡਾ: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਊਨ ਦੇ ਬਾਵਜੂਦ ਅੱਜ ਬਠਿੰਡਾ 'ਚ ਇੱਕ 50 ਤੋਂ ਵੱਧ ਮਜ਼ਦੂਰਾਂ ਨਾਲ ਭਰਿਆ ਟਰੱਕ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਗਵਾਲੀਅਰ ਤੋਂ ਬਠਿੰਡਾ ਪਹੁੰਚਿਆ ਹੈ। ਇਸ ਟਰੱਕ 'ਚ ਲੱਦੇ ਹੋਏ ਮਜ਼ਦੂਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੱਸੇ ਜਾ ਰਹੇ ਹਨ।


ਪੁਲਿਸ ਨੇ ਟਰੱਕ ਨੂੰ ਕਾਬੂ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਜ਼ਦੂਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨ੍ਹਾਂ ਕਿਸੇ ਪਾਸ ਤੇ ਬਿਨ੍ਹਾਂ ਕਿਸੇ ਨਾਕੇ ਤੇ ਜਾਂਚ ਦੇ ਇਹ ਮਜ਼ਦੂਰਾਂ ਨਾਲ ਭਰਿਆ ਟਰੱਕ ਬਠਿੰਡਾ ਕਿਸ ਤਰ੍ਹਾਂ ਪਹੁੰਚ ਗਿਆ।

ਬਠਿੰਡਾ 'ਚ ਕੋਰੋਨਾਵਾਇਰਸ ਦਾ ਇੱਕ ਵੀ ਮਰੀਜ਼ ਨਾ ਹੋਣ ਕਾਰਨ ਪੰਜਾਬ ਸਰਕਾਰ ਨੇ ਬਠਿੰਡਾ ਨੂੰ ਗ੍ਰੀਨ ਜ਼ੋਨ 'ਚ ਰੱਖਿਆ ਹੈ। ਇਸੇ ਦੌਰਾਨ ਟਰੱਕ 'ਚ ਮੌਜੂਦ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਕਰਫਿਊ ਤੋਂ ਪਹਿਲਾਂ ਗਵਾਲੀਅਰ 'ਚ ਫਸ ਗਏ ਸਨ। ਉਨ੍ਹਾਂ ਕੋਲੋਂ ਟਰੱਕ ਚਾਲਕ ਨੇ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਲਾਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉਤਰਨਾ ਸੀ ਪਰ ਹੁਣ ਉਨ੍ਹਾਂ ਨੂੰ ਇੱਥੇ ਬਠਿੰਡਾ 'ਚ ਲਾਹ ਦਿੱਤਾ ਗਿਆ ਹੈ।

ਪ੍ਰਸ਼ਾਸਨ ਇਨ੍ਹਾਂ ਸਾਰੇ ਮਜ਼ਦੂਰਾਂ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਇਨ੍ਹਾਂ ਸਾਰਿਆਂ ਨੂੰ ਬਠਿੰਡਾ ਦੇ ਇੱਕ ਨਿੱਜੀ ਸਕੂਲ 'ਚ ਆਈਸੋਲੇਟ ਕੀਤਾ ਗਿਆ ਹੈ।