ਮਾਨਸਾ : ਨੋਟ-ਬੰਦੀ ਕਾਰਨ ਕਾਰੋਬਾਰੀਆਂ ਕੋਲ ਪਿਆ ਕਾਲਾ ਧੰਨ ਬਾਹਰ ਆਉਣ ਲੱਗਾ ਹੈ। ਇਸ ਤਹਿਤ ਮਾਨਸਾ ਪੁਲਿਸ ਨੇ ਸ਼ਹਿਰ ਵਿੱਚੋਂ ਇੱਕ ਗੱਡੀ ਵਿਚੋਂ 1000 ਅਤੇ 500 ਦੇ ਪੁਰਾਣੇ ਨੋਟਾਂ ਦੀ ਇੱਕ ਕਰੋੜ ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਕਰੰਸੀ ਦੋ ਵਿਅਕਤੀਆਂ ਤੋਂ ਇੱਕ ਫਾਰਚਿਊਨਰ ਗੱਡੀ ’ਚੋਂ ਫੜੀ ਗਈ ਹੈ।


ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਰਦੂਲਗੜ੍ਹ ਪੁਲੀਸ ਵੱਲੋਂ ਖੈਰਾ ਕੈਂਚੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਹਰਿਆਣਾ ਦੇ ਰਤੀਆ ਵਾਲੇ ਪਾਸਿਉਂ ਫਾਰਚਿਊਨਰ ਗੱਡੀ (ਐਚ.ਆਰ.22ਕੇ-1121) ਆਈ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ।

ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਬਰਾਮਦ ਹੋਈ। ਗੱਡੀ ਸਵਾਰ ਵਿਅਕਤੀਆਂ ਦੀ ਪਛਾਣ ਰਾਜਪਾਲ ਸਿੰਘ ਵਾਸੀ ਭੋੜੀਆਂ ਜ਼ਿਲ੍ਹਾ ਫ਼ਤਿਆਬਾਦ ਅਤੇ ਸੰਦੀਪ ਸਿੰਘ ਵਾਸੀ ਫ਼ਤਿਆਬਾਦ (ਹਰਿਆਣਾ) ਵੱਜੋ ਹੋਈ ਹੈ। ਪੁਲੀਸ ਨੇ ਬਰਾਮਦ ਹੋਈ ਕਰੰਸੀ, ਦੋਨੋਂ ਵਿਅਕਤੀਆਂ ਅਤੇ ਵਾਹਨ ਨੂੰ ਅਗਲੀ ਕਾਰਵਾਈ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।