ਚੰਡੀਗੜ੍ਹ: ਹਲਕਾ ਦਾਖਾ ’ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲੱਥਣ ਮਗਰੋਂ ਸੜਕਾਂ ਕਿਨਾਰੇ ਰੁੱਖਾਂ ਦੀ ਸ਼ਾਮਤ ਆ ਗਈ ਹੈ। ਜੰਗਲਾਤ ਮਹਿਕਮੇ ਤੇ ਪੀਡਬਲਿਊਡੀ ਦੇ ਮੁਲਾਜ਼ਮਾਂ ਨੇ ਦਰੱਖਤਾਂ ਨੂੰ ਛਾਂਗਣਾ ਸ਼ੁਰੂ ਕੀਤਾ। ਦਿਲਚਸਪ ਹੈ ਕਿ ਪਹਿਲਾਂ ਵੀ ਹਾਦਸੇ ਤਾਂ ਵਾਪਰਦੇ ਸੀ ਪਰ ਮਹਿਕਮੇ ਦਾ ਕਦੇ ਇੱਧਰ ਧਿਆ ਨਹੀਂ ਗਿਆ ਸੀ। ਕੈਪਟਨ ਨਾਲ ਹਾਦਸਾ ਵਾਪਰਣ ਮਗਰੋਂ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਜੰਗਲਾਤ ਮਹਿਕਮੇ ਦੇ ਅਫ਼ਸਰਾਂ ਦੀ ਚੰਗੀ ਕਲਾਸ ਲਾਈ। ਹੁਣ ਹਲਕਾ ਦਾਖਾ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਰੋਡ ਸ਼ੋਅ ਕਰਨ ਲਈ ਆ ਰਹੇ ਹਨ। ਇਸ ਲਈ ਹੁਣ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਪੱਬਾਂ ਭਾਰ ਹੈ। ਦਰੱਖਤਾਂ ਦੀਆਂ ਲੰਬੀਆਂ ਟਾਹਣੀਆਂ ਜੰਗਲਾਤ ਮਹਿਕਮੇ ਤੇ ਪੀਡਬਲਿਊਡੀ ਦੇ ਮੁਲਾਜ਼ਮਾਂ ਵੱਲੋਂ ਛਾਂਗ ਦਿੱਤੀਆਂ ਗਈਆਂ ਹਨ।

ਇਹ ਰੋਡ ਸ਼ੋਅ ਪਿੰਡ ਲਤਾਲਾ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਪਿੰਡ ਰੂੰਮੀ ’ਚ ਖਤਮ ਹੋਵੇਗਾ। ਇਸ ਰੂਟ ’ਚ ਆਉਣ ਵਾਲੇ ਕਿਸੇ ਪਿੰਡ ਦੀ ਰੋਡ ’ਤੇ ਇੱਕ ਵੀ ਝੰਡੇ ਜਾਂ ਬੈਨਰ ਨੂੰ ਵੀ ਨਹੀਂ ਰਹਿਣ ਦਿੱਤਾ ਗਿਆ। ਦਰਅਸਲ ਪਿਛਲੇ ਦਿਨੀਂ ਹਲਕਾ ਦਾਖਾ ’ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲੱਥ ਗਈ ਸੀ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਸੀ। ਮੀਡੀਆ ਵਿੱਚ ਗੱਲ ਆਉਣ ਮਗਰੋਂ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।