ਚੰਡੀਗੜ੍ਹ: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਉਨ੍ਹਾਂ ਦੇ ਹਰਿਆਣਾ ਵਿਚਲੇ ਹੈੱਡ ਕੁਆਟਰ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਪਿੰਡ ਦਾਦੂ ਸਿਰਸਾ ਵਿਖੇ ਬੁੱਧਵਾਰ ਨੂੰ 11-30 ਵਜੇ ਦੇ ਕਰੀਬ ਪੁੱਜੇ। ਉਹ ਉੱਥੇ 1-30 ਵਜੇ ਤੱਕ ਤਕਰੀਬਨ ਦੋ ਘੰਟੇ ਰੁਕੇ।

ਪਹਿਲਾਂ ਡੇਰਾ ਮੁਖੀ ਨੇ ਗੁਰੂਘਰ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਦਬ ਸਹਿਤ ਮੱਥਾ ਟੇਕਿਆ। ਫਿਰ ਜਥੇਦਾਰ ਦਾਦੂਵਾਲ ਨਾਲ ਤਕਰੀਬਨ ਇੱਕ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਦੇ ਵੇਰਵਿਆਂ ਦਾ ਤਾਂ ਪਤਾ ਨਹੀਂ ਲੱਗ ਸਕਿਆ, ਪਰ ਵਿਧਾਨ ਸਭਾ 2017 ਚੋਣਾਂ ਮੌਕੇ ਇਸ ਮਿਲਣੀ ਨੇ ਸਿਆਸੀ ਹਲਕਿਆਂ ਵਿੱਚ ਜ਼ਬਰਦਸਤ ਹਲਚਲ ਛੇੜ ਦਿੱਤੀ ਹੈ।

ਦਾਦੂਵਾਲ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹਨ। ਉਹ ਹੁਣ ਵੀ ਸਰਬੱਤ ਖਾਲਸਾ ਬੁਲਾਉਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਸਰਬੱਤ ਖਾਲਸਾ 10 ਨਵੰਬਰ, 2016 ਨੂੰ ਹੋਣਾ ਸੀ ਪਰ ਬਾਦਲ ਸਰਕਾਰ ਦੀ ਪਾਬੰਦੀ ਕਾਰਨ ਨਹੀਂ ਹੋ ਸਕਿਆ। ਡੇਰਾ ਬਿਆਸ ਵੀ ਅੱਜ ਵਿਸ਼ਵ ਭਰ ਵਿੱਚ ਫੈਲੀ ਹੋਈ ਸੰਸਥਾ ਹੈ।

ਅਜਿਹੇ ਵਿੱਚ ਡੇਰਾ ਬਿਆਸ ਸੰਸਥਾ ਦੇ ਮੁਖੀ ਦਾ ਜਥੇਦਾਰ ਦਾਦੂਵਾਲ ਕੋਲ ਆਉਣ ਦੇ ਸਿਆਸੀ ਮਾਹਿਰ ਆਪੋ ਆਪਣੀਆਂ ਕਿਆਸ ਅਰਾਈਆਂ ਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਮੁਕਤਸਰ ਵਿਖੇ ਡੇਰਾ ਮੁਖੀ ਨੂੰ ਮਿਲਣ ਪਹੁੰਚੇ।