ਦਾਦੂਵਾਲ ਨੂੰ ਬਾ-ਇੱਜ਼ਤ ਬਰੀ ਕਰਨ ਦਾ ਹੁਕਮ
ਏਬੀਪੀ ਸਾਂਝਾ | 04 Dec 2018 07:18 PM (IST)
ਪੁਰਾਣੀ ਤਸਵੀਰ
ਮਾਨਸਾ: ਸਥਾਨਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ 27 ਅਗਸਤ 2014 ਨੂੰ ਪਿੰਡ ਖਿਆਲਾ ਕਲਾਂ ਦੇ ਨਜ਼ਦੀਕ ਰੈਕਸਟਨ ਗੱਡੀ ਵਿਚੋਂ ਏਕੇ-47 ਦੇ 10 ਕਾਰਤੂਸ ਬਰਾਮਦ ਕਰ ਕੇ ਸਦਰ ਥਾਣਾ ਪੁਲਿਸ ਮਾਨਸਾ ਵੱਲੋਂ ਦਾਦੂਵਾਲ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ। ਉਸ ਵੇਲੇ ਦਾਦੂਵਾਲ ਕਸਬਾ ਭੀਖੀ ਵਿਖੇ ਦਰਜ ਇੱਕ ਹੋਰ ਮੁਕੱਦਮੇ 'ਚ ਪੁਲਿਸ ਹਿਰਾਸਤ ਸਨ। ਉਨ੍ਹਾਂ ਦੇ ਵਕੀਲ ਹਰਿੰਦਰਪਾਲ ਸਿੰਘ ਟਿਵਾਣਾ ਨੇ ਦੱਸਿਆ ਕਿ ਅਮਰਿੰਦਰਪਾਲ ਸਿੰਘ ਏਸੀਜੇਐਮ ਦੀ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੰਤ ਦਾਦੂਵਾਲ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਹੈ।