ਅੰਮ੍ਰਿਤਸਰ: ਧੀ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਕੇਸ ਵਿੱਚੋਂ ਬਰੀ ਹੋ ਕੇ ਬੀਬੀ ਜਗੀਰ ਕੌਰ ਅੱਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਸੀ ਤੇ ਆਖਰ ਸੱਚ ਦੀ ਜਿੱਤ ਹੋਈ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਸੀ ਪਰ ਉਨ੍ਹਾਂ ਨੂੰ ਨਿਆਂ ਪ੍ਰਣਾਲੀ 'ਤੇ ਪੂਰਨ ਭਰੋਸਾ ਸੀ।
ਭਵਿੱਖ ਵਿੱਚ ਚੋਣਾਂ ਲੜਨ ਬਾਰੇ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਗਰਮ ਸਿਆਸਤ ਵਿੱਚੋਂ ਕਦੇ ਵੀ ਮੂੰਹ ਨਹੀਂ ਮੋੜਿਆ ਭਾਵੇਂ ਫੈਸਲਾ ਉਨ੍ਹਾਂ ਦੇ ਖਿਲਾਫ ਸੀ। ਉਹ ਸਿਆਸਤ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਰਗਰਮ ਰਹਿਣਗੇ ਜਿਸ ਤਰ੍ਹਾਂ ਉਹ ਹਮੇਸ਼ਾ ਰਹੇ ਹਨ। ਉਨ੍ਹਾਂ ਨੇ ਸਿਆਸੀ ਸਰਗਰਮੀਆਂ ਕਦੇ ਵੀ ਘੱਟ ਨਹੀਂ ਕੀਤੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਚੜ੍ਹਦੀ ਕਲਾ ਵਿੱਚ ਹੈ ਤੇ ਦੋਆਬੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹੇਗੀ। ਇਸ ਦੇ ਨਾਲ ਹੀ ਜਗੀਰ ਕੌਰ ਨੇ ਟਕਸਾਲੀ ਅਕਾਲੀ ਆਗੂਆਂ ਉੱਪਰ ਨਵੀਂ ਪਾਰਟੀ ਬਣਾਉਣ 'ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਸੀ ਤਾਂ ਉਦੋਂ ਇਹ ਆਗੂ ਸਰਕਾਰ ਵਿੱਚ ਮੌਜ ਮਸਤੀਆਂ ਕਰਦੇ ਰਹੇ। ਸਰਕਾਰ ਜਾਣ ਤੋਂ ਬਾਅਦ ਹੀ ਇਨ੍ਹਾਂ ਨੇ ਅਕਾਲੀ ਦਲ ਤੋਂ ਮੁੱਖ ਮੋੜ ਲਿਆ।
ਸੁਖਪਾਲ ਖਹਿਰਾ ਵੱਲੋਂ ਕੀਤੀ ਅਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਖਹਿਰਾ ਨੂੰ ਇਸ ਫ਼ੈਸਲੇ ਤੋਂ ਬਾਅਦ ਵੀ ਕਿਹੜੀ ਲੱਗ ਜਾਣੀ ਹੈ। ਉਸ ਨੇ ਕਿਹੜਾ ਹਟ ਜਾਣਾ ਹੈ। ਉਹ ਆਪਣਾ ਪ੍ਰਚਾਰ ਇਸੇ ਤਰ੍ਹਾਂ ਹੀ ਉਨ੍ਹਾਂ ਖਿਲਾਫ ਜਾਰੀ ਰੱਖੇਗਾ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।