ਜੈਪੁਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਰੈਲੀ ਵਿੱਚ ਕਥਿਤ ਤੌਰ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾਣ ਤੋਂ ਕਾਫੀ ਨਾਰਾਜ਼ ਹਨ। ਇਸ ਮਾਮਲੇ ਵਿੱਚ ਉਨ੍ਹਾਂ ਸਬੰਧਤ ਲੋਕਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕੁਝ ਚੈਨਲਾਂ ਨੇ ਵੀ ‘ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਨਾਅਰਿਆਂ ਨੂੰ ਤੋੜ-ਮਰੋੜ ਕੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵਜੋਂ ਪੇਸ਼ ਕੀਤਾ ਹੈ।

ਦਰਅਸਲ ਕੁਝ ਟੀਵੀ ਚੈਨਲਾਂ ’ਤੇ ਵੀਡੀਓ ਦਿਖਾਇਆ ਗਿਆ, ਜਿਸ ਮੁਤਾਬਕ ਅਲਵਰ ਵਿੱਚ ਸਿੱਧੂ ਦੀ ਸਭਾ ’ਚ ਕਥਿਤ ਤੌਰ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ। ਇਸ ਸਬੰਧੀ ਸਿੱਧੂ ਨੇ ਸੋਮਵਾਰ ਰਾਤ ਪ੍ਰੈੱਸ ਕਾਨਫਰੰਸ ਵੀ ਬੁਲਾਈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਉਹ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣਗੇ।

ਸਿੱਧੂ ਨੇ ‘ਬੋਲੇ ਸੋ ਨਿਹਾਲ’ ਦੇ ਨਾਅਰੇ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਦਿਖਾਉਣ ਲਈ ਮੀਡੀਆ ਦੀ ਝਾੜਝੰਬ ਵੀ ਕੀਤੀ। ਇਸ ਮਾਮਲੇ ਵਿੱਚ ਉਨ੍ਹਾਂ ਕਿਸੇ ਚੈਨਲ ਜਾਂ ਪਾਰਟੀ ਦਾ ਨਾਂ ਲਏ ਬਗੈਰ ਕਿਹਾ ਕਿ ਇਸ ਬਾਰੇ ਉਹ ਆਪਣੇ ਵਕੀਲਾਂ ਨਾਲ ਗੱਲਬਾਤ ਕਰਨਗੇ।

ਯਾਦ ਰਹੇ ਕਿ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਸੋਮਵਾਰ ਨੂੰ ਆਪਣੀ ਰੈਲੀ ਵਿੱਚ ਇਸ ਦਾ ਜ਼ਿਕਰ ਕਰਕੇ ਕਾਂਗਰਸ ਦੀ ਆਲੋਚਨਾ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਬੁਲਾਰਾ ਰਣਦੀਪ ਸਿੰਘ ਸੁਰਜੇਵਾਲਾ ਨੇ ਕੁਝ ਚੈਨਲਾਂ ਦਾ ਨਾਂ ਲੈਂਦਿਆਂ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਪੂਰੀ ਤਰ੍ਹਾਂ ਸਿੱਧੂ ਦੀ ਮਿਲਾਵਟੀ ਵੀਡੀਓ ਸ਼ੇਅਰ ਕੀਤੀ।