ਬਠਿੰਡਾ: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਡੇਰਾ ਸਿਰਸਾ ਦਾ ਅਗਲਾ ਮੁਖੀ ਸੁਖਬੀਰ ਬਾਦਲ ਨੂੰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਚਰਚਾ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਅਗਲਾ ਮੁਖੀ ਕੌਣ ਹੋਵੇਗਾ। ਦਾਦੂਵਾਲ ਨੇ ਕਿ ਵੈਸੇ ਤਾਂ ਅਜਿਹੇ ਡੇਰੇ ਬੰਦ ਹੋਣੇ ਚਾਹੀਦੇ ਹਨ ਪਰ ਸੁਖਬੀਰ ਬਾਦਲ ਨੂੰ ਉਸ ਡੇਰੇ ਦਾ ਮੁਖੀ ਥਾਪਿਆ ਜਾ ਸਕਦਾ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਕੈਦ ਹੋਣ ਤੋਂ ਬਾਅਦ ਦਾਦੂਵਾਲ ਨੇ ਮੰਗ ਕੀਤੀ ਹੈ ਕਿ ਜਦੋਂ ਸੰਸਥਾ ਦਾ ਮੁਖੀ ਹੀ ਅਪਰਾਧੀ ਹੋ ਗਿਆ ਹੈ ਤਾਂ ਉਸ ਦੇ ਪੈਰੋਕਾਰਾਂ ਵੱਲੋਂ ਸਿੱਖਾਂ ਵਿਰੁੱਧ ਦਰਜ ਕਰਵਾਏ ਸਾਰੇ ਮੁਕੱਦਮੇ ਰੱਦ ਕੀਤੇ ਜਾਣ। ਦਾਦੂਵਾਲ ਨੇ ਕਿਹਾ ਕਿ ਇਹ ਡੇਰਾ ਕੋਈ ਧਰਮ ਨਹੀਂ ਹੈ ਤੇ ਉਸ ਦਾ ਮੁਖੀ ਤਾਂ ਹੁਣ ਬਲਾਤਕਾਰੀ ਐਲਾਨਿਆ ਗਿਆ ਹੈ। ਇਸ ਲਈ ਸਿੱਖਾਂ ਦੇ ਉਨ੍ਹਾਂ ਵਿਰੁੱਧ ਦਰਜ ਮੁਕੱਦਮੇ ਰੱਦ ਕੀਤੇ ਜਾਣੇ ਚਾਹੀਦੇ ਹਨ। ਦਾਦੂਵਾਲ ਨੇ ਰਾਮ ਰਹੀਮ ਦੀ ਕਥਿਤ ਧੀ ਤੇ ਡੇਰਾ ਮੁਖੀ ਦੀ ਦਾਅਵੇਦਾਰ ਮੰਨੀ ਜਾਂਦੀ ਹਨੀਪ੍ਰੀਤ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਤਾਂ ਰਾਮ ਰਹੀਮ ਨਾਲ ਨਾਜਾਇਜ਼ ਸਬੰਧ ਸਨ, ਉਹ ਕੀ ਕਿਸੇ ਨੂੰ ਸੇਧ ਦੇਣਯੋਗ ਹਨ।