ਬੀਤੇ ਦਿਨੀਂ ਯੂਨਾਈਟਿਡ ਨੇਸ਼ਨਜ਼ ਵੱਲੋਂ ਨਸਲਕੁਸ਼ੀ ਦੀ ਰੋਕਥਾਮ ਸਬੰਧੀ ਕਰਵਾਏ ਇੱਕ ਸਮਾਗਮ ਵਿੱਚ ਹਿੱਸਾ ਲੈਣ ਬੈਂਕੌਕ ਗਏ ਦਲ ਖ਼ਾਲਸਾ ਦੇ ਮੁਖੀ ਦਾ ਭਾਰਤ ਪਰਤਣ 'ਤੇ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬੀਤੀ 28 ਨੂੰ ਉਹ ਯੂ.ਐੱਨ. ਦੀ ਇਸ ਮੀਟਿੰਗ ਲਈ ਭਾਰਤ ਤੋਂ ਗਏ ਸਨ ਤੇ 2 ਦਿਨਾਂ ਬਾਅਦ ਉੱਥੋਂ ਵਾਪਸ ਆਉਣ 'ਤੇ ਦਿੱਲੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਇਸ ਦਾ ਕਾਰਨ ਪੁੱਛੇ ਜਾਣ 'ਤੇ ਚੀਮਾ ਨੂੰ ਦੱਸਿਆ ਗਿਆ ਕਿ ਚੰਡੀਗੜ੍ਹ ਪਾਸਪੋਰਟ ਦਫ਼ਤਰ ਹੀ ਇਸ ਬਾਰੇ ਸਹੀ ਜਾਣਕਾਰੀ ਦੇ ਸਕਦਾ ਹੈ।
ਚੀਮਾ ਨੇ ਕਿਹਾ ਕਿ ਉਹ ਉੱਥੇ ਸਿੱਖ ਨਸਲਕੁਸ਼ੀ ਬਾਰੇ ਗੱਲ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਤਲੇਆਮ ਨੂੰ ਕਿੰਨਾ ਸਮਾਂ ਬੀਤ ਗਿਆ ਪਰ ਹਾਲੇ ਤਕ ਨਿਆਂ ਨਹੀਂ ਮਿਲਿਆ। ਚੀਮਾ ਨੇ ਕਿਹਾ ਕਿ ਸਮਾਗਮ ਵਿੱਚ ਪੂਰੀ ਦੁਨੀਆਂ ਤੋਂ ਧਾਰਮਕ ਆਗੂਆਂ, ਫ਼ਿਲਮੀ ਅਦਾਕਾਰਾਂ ਤੇ ਹੋਰਨਾਂ ਪਬਲਿਕ ਸੈਲੀਬ੍ਰਿਟੀਜ਼ ਦਾ ਨਸਲਕੁਸ਼ੀ ਰੋਕਣ ਵਿੱਚ ਯੋਗਦਾਨ ਵਿਸ਼ੇ 'ਤੇ ਚਰਚਾ ਕੀਤੀ ਗਈ ਸੀ।
ਦਲ ਖ਼ਾਲਸਾ ਦੇ ਮੁਖੀ ਨੇ ਕਿਹਾ ਕਿ ਜੇਕਰ ਦੇਸ਼ ਤੋਂ ਜਾਣ ਸਮੇਂ ਉਸ ਨੂੰ ਨਹੀਂ ਰੋਕਿਆ ਗਿਆ ਤਾਂ ਵਾਪਸੀ ਵੇਲੇ ਅਜਿਹਾ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਸਪੋਰਟ ਨਹੀਂ ਦਿੱਤਾ ਤੇ ਨਾਗਰਿਕਾਂ ਦੇ ਹੱਕ ਬਹਾਲ ਨਹੀਂ ਕੀਤੇ ਜਾਂਦੇ ਤਾਂ ਉਹ ਇਸ ਬਾਰੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖਣਗੇ। ਚੀਮਾ ਨੇ ਕਿਹਾ ਕਿ ਉਹ ਵਕੀਲ ਹੈ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਤੇ ਇਸੇ ਲਈ ਉਹ ਜੱਗੀ ਜੌਹਲ ਦਾ ਪੱਖ ਵੀ ਰੱਖਦਾ ਹੈ।