ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਬਾਅਦ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਈ ਡਾ. ਦਲਜੀਤ ਸਿੰਘ ਚੀਮਾ ਦਾ ਨਾਂ ਗੂੰਝਣ ਲੱਗਾ ਹੈ। ਅੱਜ ਡਾ. ਚੀਮਾ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਿਰ ਮੱਥੇ ਮਨਜ਼ੂਰ ਕੀਤਾ ਜਾਵੇਗਾ। ਉਂਝ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲੁਧਿਆਣਾ ਤੋਂ ਚੋਣ ਲੜਨ ਦੀ ਕੋਈ ਇੱਛਾ ਨਹੀਂ ਪਰ ਜੇ ਪਾਰਟੀ ਦਾ ਹੁਕਮ ਹੋਇਆ ਤਾਂ ਉਹ ਪਿੱਛੇ ਨਹੀਂ ਹਟਣਗੇ। ਡਾ. ਚੀਮਾ ਲੁਧਿਆਣਾ ਦੇ ਹਲਕਾ ਅਬਜ਼ਰਵਰ ਹਨ।

ਯਾਦ ਰਹੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਹਲਕਿਆਂ ਬਠਿੰਡਾ, ਫਿਰੋਜ਼ਪੁਰ ਤੇ ਲੁਧਿਆਣਾ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਤੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਦੇ ਨਾਵਾਂ ਦੀ ਚਰਚਾ ਹੈ। ਲੁਧਿਆਣਾ ਤੋਂ ਪਹਿਲਾਂ ਮਜੀਠੀਆ ਦੇ ਨਾਂ ਦੀ ਚਰਚਾ ਸੀ ਪਰ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਚੋਣ ਨਹੀਂ ਲੜ ਰਹੇ।

ਦਰਅਸਲ ਲੋਕ ਸਭਾ ਚੋਣਾਂ ਲਈ ਲੁਧਿਆਣਾ ਸੀਟ ’ਤੇ ਕਾਂਗਰਸ ਤੇ ਪੀਡੀਏ ਦੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਂ ’ਤੇ ਹਾਲੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਲੁਧਿਆਣਾ ਵਿੱਚ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਨਾਂ ਸਾਹਮਣੇ ਆਇਆ ਸੀ। ਇਸ ਮਗਰੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਫਿਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਚਰਚਾ ਵਿੱਚ ਸੀ। ਇਸ ਤੋਂ ਬਾਅਦ ਹੁਣ ਦਲਜੀਤ ਸਿੰਘ ਚੀਮਾ ਦਾ ਨਾਂ ਚਰਚਾ ਵਿਚ ਹੈ। ਪੈਨਲ ਵਿੱਚ ਹੁਣ ਦੋ ਆਗੂਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਦਲਜੀਤ ਚੀਮਾ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਸ਼ਾਮਲ ਹਨ।

2014 ਵਿੱਚ ਮਨਪ੍ਰੀਤ ਸਿੰਘ ਇਯਾਲੀ ਲੋਕ ਸਭਾ ਚੋਣ ਲੜੇ ਸਨ ਤੇ ਤੀਜੇ ਨੰਬਰ ’ਤੇ ਰਹੇ ਸਨ। ਇਸ ਵਾਰ ਲੁਧਿਆਣਾ ਹਲਕੇ ਵਿੱਚ ਅਕਾਲੀ ਦਲ ਦਾ ਕੋਈ ਮੌਜੂਦਾ ਵਿਧਾਇਕ ਵੀ ਨਹੀਂ। ਅਜਿਹੇ ਵਿਚ ਲੋਕ ਸਭਾ ਚੋਣ ਲੜਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ ਫਿਰ ਵੀ ਹਾਲੇ ਤਕ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਬਾਰੇ ਫ਼ੈਸਲਾ ਨਹੀਂ ਲੈ ਸਕਿਆ।