ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਦੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਦੋਆ ਉੱਪਰ ਸਿਵਲ ਤੇ ਕ੍ਰਿਮੀਨਲ ਮਾਣਹਾਨੀ ਦਾ ਕੇਸ ਕੀਤਾ ਜਾਏਗਾ। ਚੀਮਾ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਜਿਵੇਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਸੀ, ਉਹੀ ਹਾਲਤ ਸੰਦੋਆ ਦੀ ਹੋਵੇਗੀ। ਇਕ ਦੋ ਦਿਨਾਂ ਵਿੱਚ ਉਸ ਨੂੰ ਨੋਟਿਸ ਆ ਜਾਵੇਗਾ।   ਚੀਮਾ ਨੇ ਕਿਹਾ, "ਸਾਡੀ ਤਾਂ ਸਰਕਾਰ ਵੀ ਨਹੀਂ। ਪੰਜਾਬ ਵਿੱਚ ਤੀਜੇ ਨੰਬਰ 'ਤੇ ਹਾਂ। ਸੰਦੋਆ ਸਰਕਾਰ ਖ਼ਿਲਾਫ਼ ਕਿਉਂ ਨਹੀਂ ਬੋਲਦਾ। ਉਸ ਦਾ ਰੰਗ ਉੱਡਿਆ ਪਿਆ ਹੈ। ਸੰਦੋਆ ਨੂੰ ਪਰਚੇ ਦਾ ਡਰ ਲੱਗਦਾ ਹੈ। ਇਸੇ ਲਈ ਮੇਰੇ ਖਿਲਾਫ਼ ਬੋਲਦਾ ਹੈ।" ਅਕਾਲੀ ਲੀਡਰ ਨੇ ਕਿਹਾ, "ਅਜਵਿੰਦਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਤਾਂ ਕਿਹਾ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਹੋਵੇ ਤਾਂ ਜੋ ਲੜਾਈ ਤੋਂ ਲੈ ਕੇ ਪੈਸੇ ਦੇ ਲੈਣ ਦੇਣ ਦਾ ਪਤਾ ਲੱਗੇ। ਮੈਂ ਪੱਗਾਂ ਲਹਿਣ ਨੂੰ ਵੀ ਗ਼ਲਤ ਕਿਹਾ ਹੈ।" ਚੀਮਾ ਨੇ ਕਿਹਾ, "ਅਜਵਿੰਦਰ ਮੇਰੇ ਤਾਂ ਹਮੇਸ਼ਾ ਖ਼ਿਲਾਫ਼ ਰਿਹਾ। ਪਿਛਲੀ ਤੋਂ ਪਿਛਲੀ ਚੋਣ 'ਚ ਵੀ ਪਰ ਸੰਦੋਆ ਦਾ ਖਾਸ ਬੰਦਾ ਸੀ। ਸੰਦੋਆ ਨੂੰ ਅਸੂਲਣ ਸਿਆਸੀ ਲੜਾਈ ਲੜਨੀ ਚਾਹੀਦੀ ਹੈ। ਐਵੇਂ ਆਪਣੇ 'ਤੇ ਪਏ ਚਿੱਕੜ ਨੂੰ ਮੇਰੇ 'ਤੇ ਨਹੀਂ ਸੁੱਟਣਾ ਚਾਹੀਦਾ। ਰੋਪੜ ਦੇ ਲੋਕ ਮੇਰੇ ਬਾਰੇ ਵੀ ਜਾਣਦੇ ਹਨ ਤੇ ਸੰਦੋਆ ਬਾਰੇ ਵੀ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ।"