ਕਪਿਲ ਦੀ ਮਾਂ ਨੇ 'ਏਬੀਪੀ ਸਾਂਝਾ' 'ਤੇ ਦੱਸੀ ਪੁੱਤ ਦੀ ਬਿਮਾਰੀ ਤੇ ਵਿਵਾਦਾਂ ਦੀ ਸੱਚਾਈ
ਏਬੀਪੀ ਸਾਂਝਾ | 24 Jun 2018 08:35 PM (IST)
ਅੰਮ੍ਰਿਤਸਰ: ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਲਗਾਤਾਰ ਸ਼ੋਅ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਵਿਵਾਦਾਂ ਬਾਰੇ ਸੱਚਾਈ ਬਿਆਨ ਕੀਤੀ ਹੈ। 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਪਿਲ ਸ਼ਰਮਾ ਦੀ ਮਾਂ ਜਨਕ ਰਾਣੀ ਨੇ ਇਨ੍ਹਾਂ ਵਿਵਾਦਾਂ ਨੂੰ ਅਫ਼ਵਾਹ ਦੱਸਿਆ। ਇਸ ਤੋਂ ਇਲਾਵਾ ਕਪਿਲ ਦੇ ਪਰਿਵਾਰ ਨੇ ਉਨ੍ਹਾਂ ਦੀ ਸਿਹਤ ਵਿਗੜਨ ਬਾਰੇ ਵੀ ਗੱਲਬਾਤ ਕੀਤੀ। 'ਏਬੀਪੀ ਸਾਂਝਾ' ਨਾਲ ਕੀਤੀ ਖਾਸ ਗੱਲਬਾਤ ਦੌਰਾਨ ਸਾਰੇ ਪਰਿਵਾਰ ਨੇ ਕਪਿਲ ਦੇ ਠੀਕ ਹੋਣ ਤੇ ਨਵੇਂ ਸ਼ੋਅ ਲਈ ਟੀਮ ਤਿਆਰ ਕਰਨ ਦੀ ਗੱਲ ਵਾਰ-ਵਾਰ ਦੁਹਰਾਈ। 'ਏਬੀਪੀ ਸਾਂਝਾ' ਨੂੰ ਕਪਿਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਬੀਤੇ 10-12 ਸਾਲਾਂ ਤੋਂ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਿਹਾ ਹੈ, ਇਸ ਲਈ ਥਕਾਵਟ ਕਰ ਕੇ ਸਿਹਤ ਖਰਾਬ ਹੋਈ ਸੀ, ਪਰ ਇਸ ਸਮੇਂ ਉਹ ਲੰਦਨ ਵਿੱਚ ਹੈ ਤੇ ਠੀਕ-ਠਾਕ ਹੈ। ਕਪਿਲ ਦੀ ਮਾਂ ਨੇ ਦੱਸਿਆ ਕਿ ਆਰਾਮ ਦੀ ਲੋੜ ਕਰਕੇ ਹੀ ਉਨ੍ਹਾਂ ਆਪਣੇ ਸ਼ੋਅ ਤੋਂ ਬ੍ਰੇਕ ਲਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਪਿਲ ਦੇ ਨਵੇਂ ਸ਼ੋਅ ਦਾ ਸੈੱਟ ਠੀਕ ਨਹੀਂ ਸੀ ਤੇ ਉਸ ਵਿੱਚ ਸੁਧਾਰ ਹੋਣ ਤੋਂ ਬਾਅਦ ਉਹ ਨਵਾਂ ਸ਼ੋਅ ਲੈਕੇ ਆਉਣਗੇ। ਕਪਿਲ ਸ਼ਰਮਾ ਨਾਲ ਜੁੜੇ ਵਿਵਾਦਾਂ ਬਾਰੇ ਕਪਿਲ ਦੇ ਭਰਾ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਵਿਵਾਦ ਕੁਝ ਵੀ ਨਹੀਂ ਸਨ, ਪਰ ਉਨ੍ਹਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਕਪਿਲ ਦੀ ਮਾਂ ਨੇ ਵੀ ਯੂ-ਟਿਊਬ ਚੈਨਲਾਂ 'ਤੇ ਗਿਲਾ ਕਰਦਿਆਂ ਕਿਹਾ ਕਿ ਉਹ ਰਾਈ ਦਾ ਪਹਾੜ ਬਣਾ ਦਿੰਦੇ ਹਨ ਇਸ ਲਈ ਉਨ੍ਹਾਂ ਯੂ-ਟਿਊਬ ਦੇਖਣੀ ਹੀ ਬੰਦ ਕਰ ਦਿੱਤੀ ਹੈ। ਹਰ ਪੰਜਾਬੀ ਮਾਂ ਵਾਂਗ ਕਪਿਲ ਸ਼ਰਮਾ ਦੀ ਮਾਂ ਵੀ ਆਪਣੇ ਪੁੱਤਰ ਨੂੰ ਘੋੜੀ ਚੜ੍ਹਿਆ ਵੇਖਣਾ ਚਾਹੁੰਦੀ ਹੈ, ਪਰ ਉਹ ਉਨ੍ਹਾਂ ਦੀ ਪੇਸ਼ ਨਹੀਂ ਚੱਲਣ ਦੇ ਰਿਹਾ। 'ਏਬੀਪੀ ਸਾਂਝਾ' ਨੂੰ ਕਪਿਲ ਦੇ ਮਾਤਾ ਨੇ ਦੱਸਿਆ ਕਿ ਉਹ ਕਪਿਲ ਨੂੰ ਬਹੁਤ ਕਹਿੰਦੇ ਹਨ, ਪਰ ਉਹ ਕਰਾਵਾਂਗਾ ਕਹਿ ਕੇ ਟਾਲ ਦਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਪਿਲ ਪਿਛਲੇ ਸਾਲ ਦੀਵਾਲੀ ਤੋਂ ਬਾਅਦ ਅੰਮ੍ਰਿਤਸਰ ਨਹੀਂ ਆਇਆ, ਹਾਲਾਂਕਿ ਉਹ ਦੋ ਮਹੀਨੇ ਪਹਿਲਾਂ ਹੀ ਉਸ ਨੂੰ ਮਿਲ ਕੇ ਆਏ ਹਨ। ਕਪਿਲ ਦੇ ਬਚਪਨ ਦੇ ਦੋਸਤ ਨੇ ਆਪਣੇ ਯਾਰ ਨੂੰ ਇੰਡੀਆ ਦਾ ਲਾਫਿੰਗ ਬੁੱਧਾ ਕਰਾਰ ਦਿੰਦਿਆਂ ਕਿਹਾ ਕਿ ਲੱਖਾਂ ਫੈਨਜ਼ ਉਨ੍ਹਾਂ ਨੂੰ ਉਡੀਕ ਰਹੇ ਹਨ ਤੇ ਉਹ ਛੇਤੀ ਹੀ ਨਵਾਂ ਸ਼ੋਅ ਲੈਕੇ ਹਾਜ਼ਰ ਹੋਣਗੇ।