ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਟੂਰਾਂ ਤੇ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਮੁੱਖ ਮੰਤਰੀ ਗੁਜਰਾਤ ਦੇ ਦੌਰੇ 'ਤੇ ਹਨ। ਉੱਧਰ ਸਿੱਧੂ ਮੂਸੇਵਾਲਾ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਫ਼ਰਾਰ ਹੋ ਰਹੇ ਹਨ ਪਰ ਮੁੱਖ ਮੰਤਰੀ ਉਥੇ ਸਟੇਜਾਂ ਤੇ ਜਾ ਕੇ ਭੰਗੜੇ ਪਾ ਰਹੇ ਹਨ।
ਚੀਮਾ ਨੇ ਪੰਜਾਬ ਦੇ ਹਸਪਤਾਲਾਂ ਦੀ ਮਾੜੀ ਹਾਲਤ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿੱਲੀ ਮਾਡਲ ਕਿੱਥੇ ਹੈ। ਅੱਜ ਔਰਤ ਦੀ ਡਿਲੀਵਰੀ ਬਾਹਰ ਹੋ ਰਹੀ ਹੈ। ਡਾ. ਚੀਮਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਧ ਗਿਆ ਹੈ। ਜੋ ਉਨ੍ਹਾਂ ਦੀ ਸਰਕਾਰ ਵੇਲੇ ਸੁਵਿਧਾ ਕੇਂਦਰ ਬਣਾਏ ਗਏ ਸਨ, ਅੱਜ ਉੱਥੇ ਹੋਰ ਹੀ ਡਰਾਮੇ ਚੱਲ ਰਹੇ ਹਨ। ਲੋਕ ਆਪਣੇ ਸਰਟੀਫਿਕੇਟ ਬਣਾਉਣ ਲਈ ਖੱਜਲ-ਖੁਆਰ ਹੋ ਰਹੇ ਹਨ।
ਪਟਿਆਲਾ ਹਸਪਤਾਲ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉੱਥੇ ਐਕਸਰੇ ਲਈ ਫ਼ਿਲਮਾਂ ਖ਼ਤਮ ਹੋ ਗਈਆਂ ਹਨ। ਲੋਕਾਂ ਨੂੰ ਆਪਣੇ ਐਂਡ੍ਰਾਇਡ ਫੋਨ ਲਿਆਉਣ ਲਈ ਕਿਹਾ ਗਿਆ ਹੈ। ਜਿਸ ਤਰ੍ਹਾਂ ਭਗਵੰਤ ਮਾਨ ਹੁਣ ਭੰਗੜੇ ਪਾ ਰਹੇ ਹਨ, ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਭੰਗੜੇ ਪਾਉਂਦੇ ਸੀ ਪਰ ਅੱਜ ਉਹ ਲੱਭਦੇ ਨਹੀਂ।
ਇਸ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਹਾਲੇ ਉਸ ਬਾਰੇ ਕੁਝ ਕਹਿਣਾ ਉਚਿਤ ਨਹੀਂ ਕਿਉਂਕਿ ਹਾਲੇ ਉਨ੍ਹਾਂ ਨੂੰ ਵਿਚਰਨ ਦਾ ਮੌਕਾ ਦੇਣਾ ਚਾਹੀਦਾ ਹੈ। ਕਿਸੇ ਨੂੰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ। ਡਾ. ਦਲਜੀਤ ਸਿੰਘ ਚੀਮਾ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਦੀ ਜਗ੍ਹਾ ਦੂਸਰੇ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅੱਜ ਕੋਰਟ ਨੂੰ ਇਹ ਕਹਿਣਾ ਪੈ ਗਿਆ ਹੈ ਕਿ ਨਾਜਾਇਜ਼ ਮਾਈਨਿੰਗ ਦੇਸ਼ ਲਈ ਖ਼ਤਰਾ ਬਣ ਗਈ ਹੈ। ਡਰੋਨ ਦੇ ਰਸਤੇ ਡਰੱਗ ਤੇ ਹਥਿਆਰ ਪੰਜਾਬ ਆ ਰਹੇ ਹਨ ਤੇ ਮੁੱਖ ਮੰਤਰੀ ਭੰਗੜੇ ਪਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਪੰਜਾਬ ਖ਼ੁਸ਼ਹਾਲ ਹੋ ਗਿਆ ਹੈ।