ਚੰਡੀਗੜ੍ਹ: ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਹਾਲੇ ਕੁਝ ਹੋਰ ਸਮਾਂ ਜੇਲ੍ਹ  'ਚ ਹੀ ਕੱਟਣਾ ਪਵੇਗਾ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦਰਅਸਲ ਗਾਇਕ ਵੱਲੋਂ ਕਬੂਤਰਬਾਜ਼ੀ ਮਾਮਲੇ 'ਚ 2 ਸਾਲ ਦੀ ਸਜ਼ਾ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੁੱਛਿਆ ਕਿ ਦਲੇਰ ਕਿੰਨੇ ਸਮੇਂ ਤੋਂ ਜੇਲ੍ਹ ਵਿੱਚ ਹਨ ਜਿਸ 'ਤੇ ਮਹਿੰਦੀ ਦੇ ਵਕੀਲ ਨੇ ਕਿਹਾ ਕਿ ਅਜੇ ਥੋੜਾ ਸਮਾਂ ਹੋਇਆ ਹੈ ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ 15 ਸਤੰਬਰ ਤੱਕ ਟਾਲ ਦਿੱਤੀ ਹੈ। 


ਦਲੇਰ ਨੇ ਹਾਈ ਕੋਰਟ ਤੋਂ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਦਲੇਰ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਹੈ। ਜਿੱਥੇ ਉਹ ਰੋਡਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨਾਲ ਉਸੇ ਬੈਰਕ ਵਿੱਚ ਬੰਦ ਹਨ।

2003 ਵਿੱਚ ਦਰਜ ਹੋਇਆ ਸੀ ਕੇਸ 


ਦਲੇਰ ਮਹਿੰਦੀ ਪਹਿਲਾਂ ਵੀ ਸ਼ੋਅ ਕਰਨ ਲਈ ਵਿਦੇਸ਼ ਜਾਂਦਾ ਸੀ। ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਉਸ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ। ਜਿਸ ਦੇ ਬਦਲੇ ਵਿੱਚ 2003 ਵਿੱਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਕਬੂਤਰ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂ ਵੀ ਸਾਹਮਣੇ ਆਇਆ ਸੀ।

ਹੇਠਲੀ ਅਦਾਲਤ ਨੇ ਦਿੱਤੀ ਸਜ਼ਾ , ਸੈਸ਼ਨ ਕੋਰਟ ਨੇ ਬਹਾਲ ਰੱਖੀ 


ਇਸ ਮਾਮਲੇ ਵਿੱਚ 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ। 5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰਕੇ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।








 ਜੇਲ੍ਹ ਵਿੱਚ ਮੁਨਸ਼ੀ ਦਾ ਕੰਮ ਕਰ ਰਹੇ ਹਨ ਦਲੇਰ 


ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਵਿੱਚ ਨਵਜੋਤ ਸਿੱਧੂ ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਜਿੱਥੇ ਉਸ ਨੂੰ ਜੇਲ੍ਹ ਮੁਨਸ਼ੀ ਦਾ ਕੰਮ ਸੌਂਪਿਆ ਗਿਆ ਹੈ। ਜੇਲ੍ਹ ਸਟਾਫ਼ ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇਵੇਗਾ, ਜਿਸ ਦਾ ਕੰਮ ਉਹ ਵਾਪਸ ਕਰਨਗੇ। ਸਿੱਧੂ ਵਾਂਗ ਉਹ ਵੀ ਬੈਰਕ ਦੇ ਅੰਦਰੋਂ ਹੀ ਕੰਮ ਕਰਨਗੇ।