QR Code on Trees: ਹੁਣ ਬਾਇਓਟੈੱਕਨੀਕਲ ਸੰਸਾਰ 'ਚ ਵੀ ਕਿਊਆਰ ਕੋਡ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਜੀ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਕਵਿੱਕ ਰਿਸਪਾਂਸ ਕੋਡ (QR ਕੋਡ) ਅੱਜ ਦੇ ਜੀਵਨ ਦਾ ਖਾਸ ਹਿੱਸਾ ਬਣ ਚੁੱਕੀ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਹੁਣ ਦਰੱਖਤਾਂ 'ਤੇ ਵੀ ਕਿਊਆਰ ਕੋਡ ਲਗਾ ਦਿੱਤੇ ਹਨ ਜੋ ਕਿ ਪੇੜ ਪੌਦਿਆਂ ਦੀ ਸਾਰੀ ਜਾਣਕਾਰੀ ਦੇਣਗੇ। ਯੂਨੀਵਰਸਿਟੀ ਵੱਲੋਂ ਕੈਂਪਸ 'ਚ ਇਕ-ਦੋ ਨਹੀਂ ਸਗੋਂ 350 ਕਿਸਮਾਂ ਦੇ ਪੌਦਿਆਂ ਅਤੇ ਬੂਟੇ  'ਤੇ ਕਿਊਆਰ ਕੋਡ ਲਗਾਏ ਹਨ ਜੋ ਕਿਸੇ ਵੀ ਸਬੰਧਤ ਬਨਸਪਤੀ ਬਾਰੇ ਜਾਣਕਾਰੀ ਦੇਣਗੇ। 


ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ: ਜਸਪਾਲ ਸਿੰਘ ਸੰਧੂ ਦਾ ਦਾਅਵਾ ਹੈ ਕਿ ਦੇਸ਼ ਵਿੱਚ 1,070 ਯੂਨੀਵਰਸਿਟੀਆਂ ਹਨ ਅਤੇ ਇਨ੍ਹਾਂ ਵਿੱਚੋਂ ਉਨ੍ਹਾਂ ਦੀ ਯੂਨੀਵਰਸਿਟੀ ਨੇ ਇਹ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਚੋਣਵੀਆਂ ਥਾਵਾਂ ’ਤੇ ਕੁਝ ਰੁੱਖਾਂ ’ਤੇ ਕੀਤੀ ਜਾਂਦੀ ਸੀ ਪਰ ਯੂਨੀਵਰਸਿਟੀ ਪੱਧਰ ’ਤੇ ਅਜਿਹਾ ਪਹਿਲੀ ਵਾਰ ਹੋਇਆ ਹੈ।


350 ਕਿਸਮਾਂ ਦੇ 45,000 ਰੁੱਖ ਅਤੇ ਬੂਟੇ ਹਨ ਜਿਹਨਾਂ  'ਤੇ ਕਿਊਆਰ ਕੋਡ ਲਗਾਏ ਗਏ ਹਨ। ਹਰੇਕ ਪ੍ਰਜਾਤੀ ਦੇ ਇੱਕ ਰੁੱਖ, ਪੌਦੇ ਅਤੇ ਝਾੜੀ ਨੂੰ ਕੋਡਬੱਧ ਕੀਤਾ ਗਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਵੀ ਲਾਭ ਮਿਲੇਗਾ। ਕੋਈ ਵੀ ਵਿਅਕਤੀ ਆਪਣੇ ਸਮਾਰਟ ਫ਼ੋਨਾਂ ਨਾਲ QR ਕੋਡ ਨੂੰ ਸਕੈਨ ਕਰਕੇ ਉਸ ਵਿਸ਼ੇਸ਼ ਪੌਦੇ ਦੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕੇਗਾ।



ਯੂਨੀਵਰਸਿਟੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਇੱਕ ਸਾਲ ਲੱਗਿਆ ਹੈ। ਵਾਤਾਵਰਣ 'ਚ ਦਿਲਚਸਪੀ ਰੱਖਣ ਵਾਲਿਆਂ ਨੂੰ ਇਸ ਦਾ ਖਾਸ ਲਾਭ ਹੋਵੇਗਾ। ਇਸ ਕੋਡ ਵਿੱਚ ਪ੍ਰਜਾਤੀਆਂ ਦਾ ਬੋਟੈਨੀਕਲ ਨਾਮ, ਜੀਨਸ, ਉਪਨਾਮ, ਆਰਥਿਕ, ਸਮਾਜਿਕ ਲਾਭ ਅਤੇ ਲੱਕੜ, ਫਲ, ਫੁੱਲ, ਪੱਤੇ, ਜੜ੍ਹਾਂ ਆਦਿ ਦੇ ਧਾਰਮਿਕ ਮਹੱਤਵ ਦੇ ਨਾਲ-ਨਾਲ ਉਮਰ, ਬਿਮਾਰੀ ਅਤੇ ਇਲਾਜ ਸ਼ਾਮਲ ਹਨ।