ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੀ ਸਬ-ਡਵੀਜ਼ਨ ਖਮਾਣੋ ਦੇ ਤਹਿਸੀਲਦਾਰ ਹਰਫ਼ੂਲ ਸਿੰਘ ਵੱਲੋਂ ਰਿਸ਼ਵਤਖੋਰੀ ਨੂੰ ਜਾਇਜ਼ ਠਹਿਰਾਉਣ ਵਾਲੇ ਵੀਡੀਓ 'ਤੇ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਵੀ ਵੀਡੀਓ ਦੇਖੀ ਹੈ ਤੇ ਮਾਮਲਾ ਸਰਕਾਰ ਦੇ ਧਿਆਨ ਵਿੱਚ ਵੀ ਹੈ। ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।   ਹਰਫੂਲ ਸਿੰਘ ਆਪ ਤਾਂ ਸਰਕਾਰ ਦੀ ਫੱਟੀ 'ਪੋਚ' ਕੇ ਕੈਨੇਡਾ ਚਲੇ ਗਏ ਹਨ ਪਰ ਹੁਣ ਘਿਰੀ ਹੋਈ ਸਰਕਾਰ ਤੇ ਸਿਸਟਮ ਇਸ ਮਾਮਲੇ 'ਤੇ ਕਾਰਵਾਈ ਕਰਨ ਦੀਆਂ ਗੱਲਾਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਤਹਿਸੀਲਦਾਰ ਵਿਰੁੱਧ ਪਹਿਲਾਂ ਵੀ ਹਲਕਾ ਵਿਧਾਇਕ ਤੋਂ ਸ਼ਿਕਾਇਤ ਮਿਲੀ ਸੀ। ਉੱਧਰ ਤਹਿਸੀਲਦਾਰ ਵਿਰੁੱਧ ਸ਼ਿਕਾਇਤ ਕਰਨ ਵਾਲੇ ਗੁਰਸੇਵਕ ਸਿੰਘ ਨੇ ਵੀ ਵੀਡੀਓ ਸੰਦੇਸ਼ ਜਾਰੀ ਕਰ ਤਹਿਸੀਲਦਾਰ 'ਤੇ ਸਵਾਲ ਚੁੱਕੇ ਸਨ। ਦਰਅਸਲ, ਖਮਾਣੋ ਦੇ ਤਹਿਸੀਲਦਾਰ ਹਰਫੂਲ ਸਿੰਘ ਦੇ ਵਾਇਰਲ ਹੋਏ ਵੀਡੀਓ ਵਿੱਚ ਉਨ੍ਹਾਂ ਦੇ ਬੇਬਾਕ ਤਰੀਕੇ ਨਾਲ ਰਿਸ਼ਵਤਖੋਰੀ ਨੂੰ ਜਾਇਜ਼ ਠਹਿਰਾ ਦਿੱਤਾ ਸੀ। ਹਰਫੂਲ ਸਿੰਘ ਨੇ ਵੀਡੀਓ ਵਿੱਚ ਦੱਸਿਆ ਕਿ ਰਿਸ਼ਵਤ ਵਜੋਂ ਲਿਆ ਪੈਸਾ ਸਿਸਟਮ ਦੇ ਕਿਸ-ਕਿਸ ਪੜਾਅ ਤੇ ਪੱਧਰ 'ਤੇ ਵੰਡਿਆ ਜਾਂਦਾ ਹੈ। ਇਸ ਪੈਸੇ ਨਾਲ ਸੀਨੀਅਰ ਅਧਿਕਾਰੀਆਂ ਦੀਆਂ ਵਗਾਰਾਂ ਦੀ ਪੂਰਤੀ ਕਿੰਝ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਤਹਿਸੀਲਦਾਰ ਦੇ ਇਸ ਕਬੂਲਨਾਮੇ ਕਾਰਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਸਨ। ਫਿਲਹਾਲ, ਤਹਿਸੀਲਦਾਰ ਹਰਫੂਲ ਸਿੰਘ ਵੱਲੋਂ ਆਪਣੀ ਸਫਾਈ ਵਿੱਚ ਕੋਈ ਬਿਆਨ ਨਹੀਂ ਜਾਰੀ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ।