ਚੰਡੀਗੜ੍ਹ: ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵੱਲੋਂ ਹਮਲੇ ਮਗਰੋਂ ਉਨ੍ਹਾਂ ਦੀ ਸਿਕਿਓਰਿਟੀ ਵੀ ਵੱਡਾ ਮੁੱਦਾ ਬਣ ਗਿਆ ਹੈ। ਸੰਦੋਆ ਦੀ ਸਿਕਿਓਰਿਟੀ ਨੂੰ ਲੈ ਕੇ ਪੰਜਾਬ ਪੁਲਿਸ 'ਤੇ ਵੀ ਸਵਾਲ ਉੱਠ ਰਹੇ ਹਨ।   ਦਰਅਸਲ ਸੰਦੋਆ ਨਾਲ ਮਾਈਨਿੰਗ ਮਾਫੀਆ ਦੀ ਝੜਪ ਵਾਲੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਦੋ ਗੰਨਮੈਨ ਵੀ ਨਾਲ ਸਨ। ਉਨ੍ਹਾਂ ਵਿੱਚੋਂ ਇੱਕ ਕੋਲ ਹਥਿਆਰ ਵੀ ਮੌਜੂਦ ਸੀ ਪਰ ਉਹ ਵਿਧਾਇਕ ਦੀ ਰਾਖੀ ਨਹੀਂ ਕਰ ਸਕੇ। ਬੇਸ਼ੱਕ ਗੰਨਮੈਨਾਂ ਨੇ ਸੰਦੋਆ ਦਾ ਬਚਾਅ ਕੀਤਾ ਪਰ ਹਥਿਆਰ ਹੋਣ ਦੇ ਬਾਵਜੂਦ ਹਮਲਾਵਰ ਉਨ੍ਹਾਂ ਉੱਪਰ ਹਾਵੀ ਹੀ ਰਹੇ। ਇਸ ਬਾਰੇ ਪੰਜਾਬ ਪੁਲੀਸ ਦੇ ਏਡੀਜੀਪੀ ਸਿਕਿਓਰਿਟੀ ਆਰਐਨ ਢੋਕੇ ਨੇ ਕਿਹਾ ਕਿ ਵਿਧਾਇਕ ਸੰਦੋਆ ਦੀ ਸਕਿਓਰਿਟੀ ਬਾਰੇ ਰੋਪੜ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।