ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੜਤਾਲ ਕਰ ਰਹੇ ਪਨਬੱਸ ਦੇ 6500 ਮੁਲਾਜ਼ਮ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਪਨਬੱਸ ਦੇ ਮੁਲਾਜ਼ਮ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਨਹੀਂ। ਇਹ ਮੁਲਜ਼ਮ ਪ੍ਰਾਈਵੇਟ ਲਹਿਰੀ ਸਲਿਊਸ਼ਨ ਲਿਮਟਿਡ ਕੰਪਨੀ ਨੇ ਠੇਕੇ 'ਤੇ ਰੱਖੇ ਹੋਏ ਹਨ। ਇਸ ਲਈ ਸਰਕਾਰ ਇਨ੍ਹਾਂ ਦਾ ਕੁਝ ਨਹੀਂ ਕਰ ਸਕਦੀ।   ਯਾਦ ਰਹੇ ਅੱਜ ਪੰਜਾਬ ਭਰ ਵਿੱਚ ਪਨਬਸ ਦੀਆਂ ਕਰੀਬ 1400 ਬੱਸਾਂ ਤੇ 6500 ਮੁਲਾਜ਼ਮ ਹੜਤਾਲ ਕਰ ਰਹੇ ਹਨ। ਠੇਕੇ ’ਤੇ ਰੱਖੇ ਮੁਲਾਜ਼ਮ ਪੱਕੇ ਕਰਨ ਤੇ ਬਰਾਬਰ ਤਨਖ਼ਾਹ ਦੀ ਮੰਗ ਕਰ ਰਹੇ ਹਨ। ਪਨਬਸ ਮੁਲਾਜ਼ਮ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨਗੇ ਪਰ ਹਾਲ਼ੇ ਤਕ ਅਜਿਹਾ ਕੁਝ ਨਹੀਂ ਹੋਇਆ। ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਹੜਤਾਲ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਕਾਨੂੰਨ ਮੁਤਾਬਕ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਸਕਦੇ। ਇਹ ਟੈਂਡਰ 2013 ਵਿੱਚ ਅਕਾਲੀ ਸਰਕਾਰ ਵੇਲੇ ਹੋਇਆ ਸੀ। ਇਸ ਲਈ ਹੁਣ ਨਵੇਂ ਸਿਰਿਓਂ ਟੈਂਡਰ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਲੋਕ ਨੂੰ ਸਮੱਸਿਆ ਨਾ ਆਵੇ, ਇਸ ਲਈ ਇਹ ਮੁਲਾਜ਼ਮ ਹੜਤਾਲ ਨਾ ਕਰਨ ਤਾਂ ਚੰਗਾ ਹੈ। ਇਸ ਬਾਰੇ ਸਰਕਾਰ ਨਾਲ ਗੱਲ ਕਰਨ। ਗੱਲਬਾਤ ਵਿੱਚੋਂ ਕੋਈ ਰਾਹ ਕੱਢਣ ਦੀ ਕੋਸ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰੋਡਵੇਜ਼ ਵਿੱਚ ਨਵੀਂ ਭਰਤੀ ਜਲਦ ਕੀਤੀ ਜਾਏਗੀ। ਓਦੋਂ ਕੋਈ ਵੀ ਅਪਲਾਈ ਕਰ ਸਕਦਾ ਹੈ।