Jalandhar News: ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਵੱਖ-ਵੱਖ ਥਾਵਾਂ 'ਤੇ ਪਈਆਂ ਮਿਲੀਆਂ। ਲਾਸ਼ਾਂ ਕੋਲੋਂ ਇੱਕ ਬਾਈਕ ਅਤੇ ਫ਼ੋਨ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਿਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।


ਡੀਐਸਪੀ ਭੁਲੱਥ ਸੁਖਨਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੋਗਰਾਂਵਾਲ ਤੋਂ ਹਮੀਰਾ ਵਿਚਕਾਰ ਵਿਰਾਸਤੀ ਹਵੇਲੀ ਨੇੜੇ ਪੁਲ ਹੇਠਾਂ ਖੇਤਾਂ ਵਿੱਚ ਕੱਚੀ ਸੜਕ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਉਥੇ ਦੋ ਲਾਸ਼ਾਂ ਪਈਆਂ ਸਨ, ਜਿਨ੍ਹਾਂ 'ਚੋਂ ਇੱਕ ਸਰਦਾਰ ਦੀ ਸੀ ਅਤੇ ਉਸ ਦੇ ਵਾਲ ਖੁੱਲ੍ਹੇ ਹੋਏ ਸਨ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਵਾਸੀ ਰਾਏਪੁਰ ਪੀਰਬਖ਼ਸ਼ਵਾਲਾ ਵਜੋਂ ਹੋਈ ਹੈ।


ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਬਿਕਰਮ ਸਿੰਘ ਪਹਿਲਾਂ ਵੀ ਨਸ਼ਾ ਕਰਦਾ ਸੀ। ਉਸ ਕੋਲ ਨਸ਼ਾ ਛੁਡਾਊ ਕੇਂਦਰ ਦਾ ਕਾਰਡ ਹੈ, ਜਿੱਥੋਂ ਉਹ ਨਸ਼ਾ ਛੁਡਾਉਣ ਲਈ ਗੋਲੀਆਂ ਖਾਂਦਾ ਸੀ, ਪਰ ਦੂਜੇ ਨੌਜਵਾਨ ਸਤਪਾਲ ਸਿੰਘ ਦੀ ਪਛਾਣ ਹੋਣੀ ਬਾਕੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।


ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਉਸ ਦਾ ਗੁਆਂਢੀ ਹੈ। ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਸ ਦੀ ਕਾਫੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੇ ਮੋਬਾਈਲ ਵੀ ਬੰਦ ਆ ਰਹੇ ਸਨ। ਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਜਿਸ ਪੁਲ ਦੇ ਹੇਠਾਂ ਖੜ੍ਹੀ ਹੈ ਅਤੇ ਇਸ ਦੇ ਸਾਹਮਣੇ ਹਮੀਰਾ ਵਿੱਚ ਦੋ ਘਰ ਖੁੱਲ੍ਹੇਆਮ ਨਸ਼ਾ ਵੇਚਦੇ ਹਨ ਪਰ ਪੁਲਿਸ ਸਿਰਫ਼ ਗੇੜੇ ਮਾਰਦੀ ਹੈ।


ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ। ਜਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਦੀ ਮੌਤ ਜ਼ਿਆਦਾ ਨਸ਼ਾ ਨਾ ਕਰਨ ਕਾਰਨ ਹੋਈ ਹੈ। ਬਾਕੀ ਸਹੀ ਤੱਥ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਉਣਗੇ।