ਰੋਪੜ: ਇੱਥੋਂ ਦੇ ਬਾਈਪਾਸ ਨੇੜੇ ਇੱਕ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਹੋਣ ਨਾਲ ਸਹਿਮ ਫੈਲ ਗਿਆ। ਮ੍ਰਿਤਕ ਦੀ ਪਛਾਣ ਨੰਦੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਆਪਣੇ ਪਰਿਵਾਰ ਨਾਲ ਕਈ ਸਾਲਾਂ ਤੋਂ ਬਾਈਪਾਸ ਨੇੜੇ ਰਹਿੰਦਾ ਸੀ।


ਪੇਸ਼ੇ ਵਜੋਂ ਨੰਦੂ ਖੇਤ ਮਜ਼ਦੂਰ ਸੀ ਤੇ ਆਪਣੇ ਪੰਜ ਬੱਚਿਆਂ ਤੇ ਪਤਨੀ ਨਾਲ ਨਾਲ ਪਿਛਲੇ 20 ਸਾਲ ਤੋਂ ਇੱਥੇ ਰਹਿੰਦਾ ਸੀ। ਪੁਲਿਸ ਅਨੁਸਾਰ ਨੰਦੂ ਦੇ ਗਲੇ ਉੱਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੂੰ ਨੰਦੂ ਦੀ ਲਾਸ਼ ਬਾਰੇ ਸੂਚਨਾ ਸਵੇਰੇ ਰਾਹਗੀਰਾਂ ਨੇ ਦਿੱਤੀ।


ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ ਰਾਤ ਨੰਦੂ ਦੀ ਸ਼ਰਾਬ ਪੀਤੀ ਹੋਈ ਸੀ। ਘਰ ਵਿੱਚ ਝਗੜਾ ਕਰਨ ਤੋਂ ਬਾਅਦ ਉਹ ਖੇਤਾਂ ਵਿੱਚ ਚਲਾ ਗਿਆ ਜਿੱਥੇ ਉਸ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਗਾਲ਼ਾਂ ਕੱਢਣੀਆਂ ਜਾਰੀ ਰੱਖੀਆਂ।

ਇਸ ਤੋਂ ਬਾਅਦ ਪਰਿਵਾਰਕ ਮੈਂਬਰ ਨੰਦੂ ਨੂੰ ਫੜ ਕੇ ਉਸ ਦੇ ਕਮਰੇ ਵਿੱਚ ਛੱਡ ਆਏ। ਇਸ ਤੋਂ ਬਾਅਦ ਸਵੇਰੇ ਪਤਾ ਲੱਗਾ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।