ਬਠਿੰਡਾ: ਇੰਡਸਟਰੀਅਲ ਏਰੀਏ 'ਚ ਸਾਬਨ ਫੈਕਟਰੀ ਨੂੰ ਅੱਗ ਲੱਗਣ ਨਾਲ ਪੂਰੀ ਦੀ ਪੂਰੀ ਫੈਕਟਰੀ ਸੜਕੇ ਸਵਾਹ ਹੋ ਗਈ। ਇਹ ਅੱਗ ਅੱਜ ਸਵੇਰੇ ਤਕਰੀਬਨ ਪੰਜ ਕੁ ਵਜੇ ਲੱਗੀ। ਅਜੇ ਕੱਲ੍ਹ ਹੀ ਇੱਕ ਟਾਇਰ ਗੁਦਾਮ ਨੂੰ ਅੱਗ ਲੱਗ ਗਈ ਸੀ ਜਿਸ ਵਿੱਚ ਵੱਡਾ ਨੁਕਸਾਨ ਹੋਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਬਾਂਸਲ ਸੋਪ ਫੈਕਟਰੀ ਦੇ ਮਾਲਕ ਸ਼ਿਵ ਬਾਂਸਲ ਨੂੰ ਕਿਸੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿੱਚੋਂ ਧੂਆਂ ਨਿਕਲ ਰਿਹਾ ਹੈ। ਉਹ ਜਦੋਂ ਫੈਕਟਰੀ ਪਹੁੰਚੇ ਤਾਂ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਫੈਕਟਰੀ ਦਾ ਪੂਰੇ ਦਾ ਪੂਰਾ ਲੈਂਟਰ ਵੀ ਡਿੱਗ ਗਿਆ।
ਉਧਰ, ਅੱਗ ਬੁਝਾਉ ਦਸਤਿਆਂ ਨੂੰ ਜਿਉਂ ਹੀ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਫੈਕਟਰੀ ਦੀ ਪੂਰੀ ਛੱਤ ਡਿੱਗਣ ਕਾਰਨ ਅੱਗ ਬੁਝਾਉਣ 'ਚ ਕਾਫੀ ਮੁਸ਼ਕਲ ਆਈ। ਅੱਗ ਲੱਗਣ ਨਾਲ ਭਾਵੇਂ ਕੋਈ ਜਾਨ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ ਪੂਰੀ ਤਰ੍ਹਾਂ ਤਵਾਹ ਹੋ ਗਈ ਹੈ।