ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 'ਵਾਰਿਸ ਭਵਨ' ਵਿਖੇ ਇੱਕ ਮੰਦਭਾਗੀ ਘਟਨਾ ਵਾਪਰਨ ਦੀ ਖ਼ਬਰ ਹੈ ਜਿੱਥੇ ਯੂਨੀਵਰਸਿਟੀ ਦੇ ਇੱਕ ਡੇਲੀ ਵੇਜ਼ ਕਰਮਚਾਰੀ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। 28 ਸਾਲ ਦੀ ਉਮਰ ਦੇ ਰੋਹਤਾਸ਼ ਕੁਮਾਰ ਨਾਮਕ ਕਰਮਚਾਰੀ ਦੀ ਮੌਤ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਪਤਾ ਲੱਗਣ ਉਪਰੰਤ ਤੁਰੰਤ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਉਸ ਦੀ ਲਾਸ਼ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਿਸ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਕਬਜ਼ੇ ਵਿੱਚ ਕਰ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਾਈਸ ਚਾਂਸਲਰ ਨੂੰ ਜਿਵੇਂ ਹੀ ਘਟਨਾ ਦਾ ਪਤਾ ਲਗਾ ਉਹ ਮੌਕੇ ਉੱਤੇ ਪਹੁੰਚੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਜਾਨ ਜਾਣਾ ਅਸਹਿ ਗੱਲ ਹੁੰਦੀ ਹੈ। ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨਾਲ਼ ਸੰਵੇਦਨਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਮਸਲੇ ਦੀ ਸੰਜੀਦਗੀ ਨੂੰ ਵੇਖਦਿਆਂ ਸਾਨੂੰ ਪੁਲਿਸ ਜਾਂਚ ਦੇ ਮੁਕੰਮਲ ਹੋਣ ਤੱਕ ਇਸ ਮੌਤ ਦੇ ਕਾਰਨਾਂ ਬਾਰੇ ਕੁਝ ਵੀ ਕਹਿਣ ਤੋਂ ਬਚਣਾ ਚਾਹੀਦਾ ਹੈ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਯੂਨੀਵਰਸਿਟੀ ਇਸ ਕਰਮਚਾਰੀ ਦੇ ਪਰਿਵਾਰ ਅਤੇ ਸਾਥੀ ਕਰਮਚਾਰੀਆਂ ਦੇ ਦੁੱਖ ਵਿੱਚ ਸ਼ਰੀਕ ਹੈ। ਜ਼ਿਕਰਯੋਗ ਹੈ ਕਿ 'ਵਾਰਿਸ ਭਵਨ' ਦੇ ਸੰਬੰਧਤ ਕਮਰੇ ਨੂੰ ਜਾਂਚ ਦੇ ਮੁਕੰਮਲ ਹੋਣ ਤੱਕ ਸੀਲ ਕਰ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ