ਮਹਾਰਾਸ਼ਟਰ ਦੇ ਚੰਦਰਪੁਰ 'ਚ ਪਾਣੀ ਪੀਂਦੇ ਸਮੇਂ ਲੰਗੂਰ ਦੇ ਬੱਚੇ ਦੇ ਮੂੰਹ 'ਚ ਗੜਵੀ ਫਸ ਗਈ। ਇਸ ਤੋਂ ਬਾਅਦ ਲੰਗੂਰ ਦਾ ਬੱਚਾ ਕਈ ਘੰਟਿਆਂ ਤਕ ਤੜਫਦਾ ਰਿਹਾ। ਇਸ ਸਮੱਸਿਆ ਦੇ ਹੱਲ ਲਈ ਉਹ ਇਧਰ-ਉਧਰ ਭਟਕਦਾ ਰਿਹਾ ਪਰ ਕੋਈ ਵੀ ਉਸ ਦੀ ਸਮੱਸਿਆ ਦਾ ਹੱਲ ਨਾ ਕੱਢ ਸਕਿਆ।
ਲੰਗੂਰ ਦੇ ਬੱਚੇ ਦੀ ਮਾਂ ਨੇ ਵੀ ਉਸ ਦੇ ਮੂੰਹ 'ਚ ਫਸੀ ਗੜਵੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਕੋਈ ਕਾਮਯਾਬੀ ਨਾ ਮਿਲੀ। ਉਹ ਆਪਣੇ ਬੱਚੇ ਨੂੰ ਢਿੱਡ ਨਾਲ ਲਾ ਕੇ ਘੁੰਮਦੀ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਗੂਰ ਅਤੇ ਬਾਂਦਰ ਅਕਸਰ ਗਰਮੀਆਂ 'ਚ ਭੋਜਨ ਅਤੇ ਪਾਣੀ ਲਈ ਰਿਹਾਇਸ਼ੀ ਖੇਤਰ 'ਚ ਦਾਖਲ ਹੁੰਦੇ ਹਨ। ਗੜਵੀ ਵਿੱਚੋਂ ਪਾਣੀ ਪੀਂਦਿਆਂ ਲੰਗੂਰ ਬੱਚੇ ਦਾ ਮੂੰਹ ਉਸ 'ਚ ਫਸ ਗਿਆ।
ਲੰਗੂਰਾਂ ਦੇ ਪੂਰੇ ਕਬੀਲੇ ਨੇ ਬੱਚੇ ਦੇ ਮੂੰਹ 'ਚ ਫਸੀ ਗੜਵੀ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੰਗੂਰ ਦਾ ਬੱਚਾ ਘੰਟਿਆਂਬੱਧੀ ਭੁੱਖਾ-ਪਿਆਸਾ ਤੜਫਦਾ ਰਿਹਾ। ਜਦੋਂ ਸਥਾਨਕ ਲੋਕਾਂ ਦੀ ਨਜ਼ਰ ਲੰਗੂਰ ਦੇ ਬੱਚੇ 'ਤੇ ਪਈ ਤਾਂ ਉਹ ਵੀ ਹੈਰਾਨ ਰਹਿ ਗਏ। ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪਰ ਮਾਂ ਦੀ ਗੋਦ 'ਚ ਬੈਠੇ ਬੱਚੇ ਨੂੰ ਕਿਵੇਂ ਫੜਨਾ ਹੈ ਇਹ ਇੱਕ ਵੱਡੀ ਚੁਣੌਤੀ ਬਣ ਗਿਆ ਸੀ। ਆਲੇ-ਦੁਆਲੇ ਬਹੁਤ ਸਾਰੇ ਲੰਗੂਰ ਸਨ। ਜੰਗਲਾਤ ਵਿਭਾਗ ਦੀ ਟੀਮ ਨੇ ਇਸ ਲਈ ਵਿਸ਼ੇਸ਼ ਯੋਜਨਾ ਬਣਾਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਦੇ ਅਧਿਕਾਰੀ ਸੁਰੇਸ਼ ਯੇਲਕੇਵਾੜ ਨੇ ਦੱਸਿਆ ਕਿ ਲੰਗੂਰ ਦੇ ਬੱਚੇ ਨੂੰ ਆਪਣੇ ਕਬਜ਼ੇ 'ਚ ਲੈਣਾ ਆਸਾਨ ਨਹੀਂ ਸੀ। ਇਸ ਦੇ ਲਈ ਪਿੰਜਰਾ ਬਣਾਇਆ ਗਿਆ ਅਤੇ ਖਾਣ-ਪੀਣ ਦਾ ਸਮਾਨ ਰੱਖਿਆ ਗਿਆ। ਇਸ ਦੇ ਬਾਵਜੂਦ ਲੰਗੂਰਾਂ ਦਾ ਟੋਲਾ ਕਾਬੂ 'ਚ ਨਹੀਂ ਆਇਆ ਤਾਂ ਫਿਰ ਤਾਡੋਬਾ ਟਾਈਗਰ ਰਿਜ਼ਰਵ ਅਤੇ ਕੋਠਰੀ ਜੰਗਲਾਤ ਵਿਭਾਗ ਤੋਂ ਬਚਾਅ ਟੀਮਾਂ ਬੁਲਾਈਆਂ ਗਈਆਂ ਅਤੇ ਵਿਸ਼ੇਸ਼ ਰਣਨੀਤੀ ਬਣਾਈ ਗਈ।
7 ਘੰਟੇ ਦੀ ਮਿਹਨਤ ਤੋਂ ਬਾਅਦ ਲੰਗੂਰ ਦਾ ਬੱਚਾ ਕਾਬੂ 'ਚ ਆਇਆ। ਇਸ ਦੌਰਾਨ ਲੰਗੂਰਾਂ ਦੇ ਟੋਲੇ ਨੂੰ ਭਜਾਉਣ ਲਈ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਹੱਥਾਂ 'ਚ ਡੰਡੇ ਲੈ ਕੇ ਲੰਗੂਰ ਨੂੰ ਦੂਰ ਰੱਖਿਆ। ਲੰਗੂਰ ਦੇ ਬੱਚੇ ਦੀ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਉਸ ਦੀ ਮਾਂ ਕੋਲ ਛੱਡ ਦਿੱਤਾ ਗਿਆ। ਜੰਗਲਾਤ ਵਿਭਾਗ ਦੇ ਇਸ ਕਾਰਨਾਮੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ।