Punjab Cabinet Meeting: ਲੁਧਿਆਣਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦੇ ਸੋਧੇ ਹੋਏ ਸਕੇਲ ਦੇ ਹਿਸਾਬ ਨਾਲ ਤਨਖ਼ਾਹ ਮਿਲੇਗੀ। ਇਹ ਫੈਸਲਾ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। 






ਕੈਬਨਿਟ ਮੀਟਿੰਗ ਦੇ ਫੈਸਲਿਆਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਡਰੱਗ ਲਬੌਰਟਰੀ ਲਈ ਪੱਕੇ ਮੁਲਾਜ਼ਮ ਰੱਖਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਦੇ ਨਾਮ 'ਤੇ ਰਾਮਦਾਸ 'ਚ ਪ੍ਰਬੰਧਕੀ ਬਲਾਕ ਬਣੇਗਾ।


 


ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੇਠਲੇ ਪੱਧਰ ਤੱਕ ਸਫ਼ਲ ਬਣਾਉਣ ਲਈ ਡਰੱਗ ਲੈਬਾਰਟਰੀਆਂ ਵਿੱਚ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣਗੇ। 


ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਕਈ-ਕਈ ਦਿਨ ਸੈਂਪਲ ਲੈਬਾਰਟਰੀ ਵਿੱਚ ਪਏ ਰਹਿੰਦੇ ਹਨ। ਕੰਮ ਦਾ ਬੋਝ ਜ਼ਿਆਦਾ ਹੈ। ਅਜਿਹੇ 'ਚ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨੂੰ ਡਰੱਗ ਲੈਬ 'ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਤੇ ਖੇਡ ਵਿਭਾਗ ਵਿੱਚ ਵੀ ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ।


ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਹਰ ਸੜਕ ’ਤੇ ਟੋਲ ਪਲਾਜ਼ਾ ਤਾਂ ਬਣੇ ਹੋਏ ਹਨ ਪਰ ਸੜਕਾਂ ਟੁੱਟੀਆਂ ਪਈਆਂ ਹਨ। ਸਭ ਤੋਂ ਪਹਿਲਾਂ ਟੋਲ ਪਲਾਜ਼ਿਆਂ ਨੂੰ ਖਤਮ ਕੀਤਾ ਜਾਵੇਗਾ। ਇਸ ਤੋਂ ਬਾਅਦ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। 


ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਆਗੂਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਕਾਨੂੰਨ ਮੁਤਾਬਕ ਜਾਇਦਾਦਾਂ ਨੂੰ ਸੀਲ ਕਰਨ ਤੋਂ ਬਾਅਦ ਇਸ ਪੈਸੇ ਦੀ ਵਰਤੋਂ ਲੋਕ ਹਿੱਤ ਵਿੱਚ ਕੀਤੀ ਜਾਵੇਗੀ।


 


ਇਹ ਵੀ ਪੜ੍ਹੋ: Punjab News: ਬਾਦਲ ਦੀ ਮੌਤ ਤੋਂ ਦੋ ਦਿਨ ਮਗਰੋਂ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ, ਧੋਖਾਧੜੀ ਦਾ ਕੇਸ ਰੱਦ