ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆ ਕੇ ਮੁੜ ਕਿਸਾਨ ਅੰਦੋਲਨ ਵਿੱਚ ਜੁਟ ਗਿਆ ਹੈ। ਪਿਛਲੇ ਦਿਨਾਂ ਵਿੱਚ ਉਹ ਕਈ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਦੀਪ ਸਿੱਧੂ ਲੋਕਾਂ ਨੂੰ ਪ੍ਰੇਰ ਰਹੇ ਹਨ ਕਿ ਕਿਸਾਨ ਅੰਦੋਲਨ ਸਾਡੀ ਹੋਂਦ ਦੀ ਲੜਾਈ ਹੈ। ਇਸ ਲਈ ਸਾਨੂੰ ਇੱਕਜੁੱਟ ਹੋ ਖੇਤੀ ਕਾਨੂੰਨ ਰੱਦ ਕਰਾਉਣ ਲਈ ਲੜਾਈ ਲੜਨੀ ਚਾਹੀਦੀ ਹੈ।


ਦੀਪ ਸਿੱਧੂ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ। ਉਹ ਲਾਲ ਕਿਲ੍ਹਾ ਦੀ ਘਟਨਾ ਬਾਰੇ ਵੀ ਆਪਣਾ ਪੱਖ ਰੱਖ ਰਹੇ ਹਨ। ਦੀਪ ਸਿੱਧੂ ਨੇ ਕੁਝ ਕਿਸਾਨ ਲੀਡਰਾਂ ਦੇ ਨਾਂ ਲੈ ਕੇ ਦੋਸ਼ ਲਾਇਆ ਹੈ ਕਿ ਲਾਲ ਕਿਲ੍ਹੇ ਵਾਲੀ ਘਟਨਾ ਕੇਵਲ ਉਨ੍ਹਾਂ ’ਤੇ ਮੜ੍ਹੀ ਗਈ ਜਦਕਿ ਕੁਝ ਕਿਸਾਨ ਲੀਡਰਾਂ ਦਾ ਇਸ ਪ੍ਰੋਗਰਾਮ ਲਈ ਪ੍ਰਸਤਾਵ ਸੀ।


ਉਨ੍ਹਾਂ ਦਾ ਕਹਿਣਾ ਹੈ ਕਿ 26 ਜਨਵਰੀ ਦੀ ਘਟਨਾ ਸੁੱਤੀ ਸਰਕਾਰ ਨੂੰ ਜਗਾਉਣ ਦਾ ਸੰਕੇਤਕ ਰੋਸ ਪ੍ਰਦਰਸ਼ਨ ਸੀ, ਜੋ ਇਤਿਹਾਸਕ ਤੇ ਲਾਮਿਸਾਲ ਬਣ ਗਿਆ। ਉਨ੍ਹਾਂ ਆਖਿਆ ਕਿ ਭਵਿੱਖ ’ਚ ਹਰ 26 ਜਨਵਰੀ ਨੂੰ ਲੋਕ ਉਸ ਘਟਨਾ ਦੀ ਗੱਲ ਕਰਨਗੇ। ਉਨ੍ਹਾਂ ਆਖਿਆ ਕਿ ਜੇ ਲੀਡਰ ਉਸ ਦਿਨ ਨਾਲ ਖੜ੍ਹ ਜਾਂਦੇ ਤੇ ਸਰਕਾਰ ਦੀ ਬੋਲੀ ਨਾ ਬੋਲਦੇ ਤਾਂ ਪ੍ਰਾਪਤੀ ਦੋ ਦਿਨਾਂ ’ਚ ਹੀ ਦਿਖ ਜਾਣੀ ਸੀ। ਇਸ ਮੌਕੇ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਦੀਪ ਸਿੱਧੂ ਨੇ ਇਹ ਗੁੰਜਾਇਸ਼ ਵੀ ਰੱਖੀ ਕਿ ਜੋ ਲੋਕ ਕਹਿਣਗੇ, ਉਸ ’ਤੇ ਫੁੱਲ ਚੜ੍ਹਾਵਾਂਗੇ।


ਦੱਸ ਦਈਏ ਕਿ ਕੋਰੋਨਾ ਦਾ ਕਹਿਣ ਘਟਣ ਮਗਰੋਂ ਕਿਸਾਨ ਅੰਦੋਲਨ ਜ਼ੋਰ ਫੜਨ ਲੱਗਾ ਹੈ। ਕਿਸਾਨਾਂ ਨੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਸ ਲਈ ਹੀ ਪਿੰਡਾ ਵਿੱਚ ਲਾਮਬੰਦੀ ਚੱਲ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਹਾਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਵਿੱਚ 26 ਮਈ ਨੂੰ ‘ਕਾਲਾ ਦਿਨ’ ਮਨਾਉਂਦਿਆਂ ਕਿਸਾਨਾਂ ਤੇ ਕਿਸਾਨ ਹਮਾਇਤੀਆਂ ਵੱਲੋਂ ਆਪਣੇ ਘਰਾਂ, ਦੁਕਾਨਾਂ ਤੇ ਵਾਹਨਾਂ ’ਤੇ ਕਾਲੇ ਝੰਡੇ ਲਗਾ ਕੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਜਾਣਗੇ।


ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏੇ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਇਸੇ ਕਰਕੇ ਪੰਜਾਬ ਤੋਂ ਇਲਾਵਾ ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ, ਬਿਹਾਰ, ਪੱਛਮੀ ਬੰਗਾਲ ਤੇ ਕਰਨਾਟਕ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਧਾਨ ਮੰਤਰੀ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ।