ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਸਿੱਖ ਘੱਲੂਘਾਰਾ ਦਿਵਸ ਮਨਾ ਰਹੇ ਹਨ। ਇਸ ਮੌਕੇ ਲਾਲ ਕਿਲ੍ਹਾ ਹਿੰਸਾ ਕੇਸ ਦਾ ਮੁੱਖ ਮੁਲਜ਼ਮ ਦੀਪ ਸਿੱਧੂ ਵੀ ਦਰਬਾਰ ਸਾਹਿਬ ਪਹੁੰਚਿਆ। ਦੀਪ ਸਿੱਧੂ ਨੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਨਿਆਂ ਨਾ ਮਿਲਣ ਲਈ ਸਿਸਟਮ ਨੂੰ ਜ਼ਿੰਮੇਵਾਰ ਦੱਸਿਆ।


ਦੀਪ ਸਿੱਧੂ ਨੇ ਆਖਿਆ ਕਿ ਦਰਬਾਰ ਸਾਹਿਬ 'ਤੇ ਗੋਲ਼ੀਆਂ ਚੱਲੀਆਂ ਤੇ ਗੁਰੂ ਗ੍ਰੰਥ ਸਾਹਿਬ ਜ਼ਖ਼ਮੀ ਹੋਏ, ਸ਼ਹੀਦੀਆਂ ਹੋਈਆਂ, ਬੇਕਸੂਰ ਬੱਚਿਆਂ ਤੇ ਲੋਕਾਂ ਨੂੰ ਮਾਰਿਆ ਗਿਆ ਪਰ ਇਸ ਦਾ ਨਿਆਂ ਕਿਸੇ ਨੇ ਨਾ ਦਿੱਤਾ। ਦੀਪ ਸਿੱਧੂ ਨੇ ਕਿਹਾ ਕਿ ਸੰਨ 1984 ਵਿੱਚ ਜੋ ਕੌਮ ਨਾਲ ਹੋਇਆ ਉਸ ਤੋਂ ਸਿੱਖਿਆ ਲੈਂਦੇ ਹੋਏ ਅੱਜ ਅਸੀਂ ਅੱਗੇ ਵੱਧ ਰਹੇ ਹਾਂ। ਉਸ ਨੇ ਇਹ ਵੀ ਕਿਹਾ ਕਿ 37 ਸਾਲ ਬਾਅਦ ਵੀ ਕੌਮ ਨੂੰ ਨਿਆਂ ਨਾ ਦਿਵਾਉਣ ਲਈ ਸਿਆਸੀ ਸਿਸਟਮ ਦੋਸ਼ੀ ਹੈ।


ਦੀਪ ਸਿੱਧੂ ਮੁਤਾਬਕ ਇੱਕ ਪਾਸੇ ਦੇਸ਼ ਦੇ ਰੱਖਿਆ ਮੰਤਰੀ ਸਿੱਖ ਰੈਜੀਮੈਂਟ ਦੀ ਸ਼ਲਾਘਾ ਕਰਦੇ ਹਨ, ਦੂਜੇ ਪਾਸੇ ਸਾਡੇ ਕਿਸਾਨ ਅੰਦੋਲਨ ਕਰਕੇ ਆਪਣਾ ਹੱਕ ਮੰਗਦੇ ਤਾਂ ਅਸੀਂ ਦੇਸ਼ ਵਿਰੋਧੀ ਲੱਗਦੇ ਹਾਂ। ਦੀਪ ਸਿੱਧੂ ਨੇ ਬੀਤੇ ਦਿਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਰਬਾਰ ਸਾਹਿਬ ਪੁੱਜਣ ਦੀ ਅਪੀਲ ਵੀ ਕੀਤੀ ਸੀ। 


 



 


ਦੀਪ ਸਿੱਧੂ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ ਕਿਸੇ ਨੇ ਵੀ ਨਿਆਂ ਨਹੀਂ ਦਿੱਤਾ। ਲੋਕਤੰਤਰ ਵਿੱਚ ਜੇਕਰ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਹੁੰਦਾ ਹੈ ਇਸ ਦੀ ਬਾਕਾਇਦਾ ਥਾਂ ਹੋਣੀ ਚਾਹੀਦੀ ਹੈ ਪਰ ਅਫਸੋਸ ਸਾਡੇ ਸਿਸਟਮ ਵਿੱਚ ਇਹ ਨਹੀਂ ਹੋ ਰਿਹਾ। ਸਿੱਧੂ ਨੇ ਕਿਹਾ ਕਿ ਖੇਤੀ ਸੂਬਿਆਂ ਦਾ ਅਧਿਕਾਰ ਹੈ ਇਸ ਨੂੰ ਕੇਂਦਰ ਨੇ ਸਾਡੇ ਉੱਪਰ ਥੋਪਿਆ ਤਾਂਹੀਓਂ ਇਹ ਹਾਲਾਤ ਬਣੇ।