ਅੰਮ੍ਰਿਤਸਰ: ਛੇ ਜੂਨ 1984 ਨੂੰ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੋਈ ਫ਼ੌਜੀ ਕਾਰਵਾਈ ਨੂੰ 37 ਸਾਲ ਪੂਰੇ ਹੋ ਗਏ ਹਨ। ਸਿੱਖ ਸੰਗਠਨਾਂ ਨੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਕਈ ਪ੍ਰੋਗਰਾਮ ਉਲੀਕੇ ਹਨ ਜਿਸ ਕਰਕੇ ਸਰਕਾਰ ਨੇ ਅੰਮ੍ਰਿਤਸਰ ਸ਼ਹਿਰ ਸਮੇਤ ਪੰਜਾਬ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਿਹਾ ਹੈ ਕਿ ਸ਼ਹਿਰ ਦੀ ਨਿਗਰਾਨੀ ਲਈ 6,000 ਤੋਂ ਵੱਖ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।


ਪੁਲਿਸ ਨੇ ਵੀਰਵਾਰ ਨੂੰ ਹਾਲ ਗੇਟ ਤੋਂ ਦਰਬਾਰ ਸਾਹਿਬ ਤੱਕ ਜਾਂਦੀ ਹੈਰੀਟੇਜ ਸਟ੍ਰੀਟ ਤੱਕ ਫਲੈਗ ਮਾਰਚ ਕੀਤਾ ਅਤੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦਾ ਉਸ ਸਰੂਪ ਦੇ ਦਰਸ਼ਨ ਆਮ ਲੋਕਾਂ ਨੂੰ ਕਰਵਾਏ ਸਨ, ਜੋ ਆਪ੍ਰੇਸ਼ਨ ਬਲੂ ਸਟਾਰ ਦੀ ਕਾਰਵਾਈ ਦੌਰਾਨ ਗੋਲ਼ੀਆਂ ਨਾਲ ਨੁਕਸਾਨੇ ਗਏ ਸਨ। 37 ਸਾਲਾਂ ਵਿੱਚ ਪਹਿਲੀ ਵਾਰ ਸੰਗਤ ਇਸ ਜ਼ਖ਼ਮੀ ਸਰੂਪ ਦੇ ਦਰਸ਼ਨ ਕੀਤੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਆਖਿਆ ਕਿ ਸਿੱਖ 1984 ਦੀਆਂ ਘਟਨਾਵਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ।


ਆਪ੍ਰੇਸ਼ਨ ਬਲੂ ਸਟਾਰ 'ਚ ਗਈ ਸੀ ਕਈ ਲੋਕਾਂ ਦੀ ਜਾਨ


ਆਪ੍ਰੇਸ਼ਨ ਬਲੂ ਸਟਾਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤੀ ਸੀ। ਪਹਿਲੀ ਜੂਨ ਤੋਂ ਅੱਠ ਜੂਨ 1984 ਦਰਮਿਆਨ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ ਕਾਫੀ ਲੋਕਾਂ ਦੀ ਜਾਨ ਚਲੀ ਗਈ ਸੀ। ਸਾਕਾ ਨੀਲਾ ਤਾਰਾ ਮਗਰੋਂ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਦੇ ਕਤਲ ਮਗਰੋਂ ਦੇਸ਼ ਵਿੱਚ ਸਿੱਖਾਂ ਖ਼ਿਲਾਫ਼ ਫਿਰਕੂ ਦੰਗੇ ਭੜਕੇ ਸਨ ਜਿਨ੍ਹਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ।